ਨਵੀਂ ਦਿੱਲੀ: ਮੈਕਸਿਕੋ ਵਿੱਚ ਆਏ ਭੂਚਾਲ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 30 ਹੋਰ ਜ਼ਖਮੀ ਹੋ ਗਏ ਹਨ। ਮੈਕਸੀਕਨ ਸੁਰੱਖਿਆ ਅਤੇ ਸਿਵਲ ਡਿਫੈਂਸ ਸਕੱਤਰੇਤ ਵਿਚ ਚਾਰ ਮੌਤਾਂ ਹੋਣ ਦੀ ਖ਼ਬਰ ਮਿਲੀ ਸੀ ਜਦ ਕਿ ਓਕਸਾਕਾ ਪ੍ਰਾਂਤ ਦੇ ਗਵਰਨਰ ਅਲੇਜੈਂਡਰੋ ਮੂਰਤ ਨੇ ਪੰਜਵੀਂ ਮੌਤ ਦੀ ਖਬਰ ਦਿੱਤੀ ਹੈ।
ਇਹ ਸਾਰੀਆਂ ਮੌਤਾਂ ਓਕਸਾਕਾ ਪ੍ਰਾਂਤ ਵਿੱਚ ਹੋਈਆਂ ਹਨ ਜੋ ਭੂਚਾਲ ਦਾ ਕੇਂਦਰ ਸੀ। ਨੈਸ਼ਨਲ ਸਿਵਲ ਪ੍ਰੋਟੈਕਸ਼ਨ ਅਥਾਰਟੀ ਨੇ ਕਿਹਾ ਕਿ ਭੂਚਾਲ ਵਿੱਚ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਭੂਚਾਲ ਨਾਲ ਦੇਸ਼ ਦੇ ਦੱਖਣ ਵਿੱਚ ਸਥਿਤ ਪੰਜ ਹਸਪਤਾਲ ਨੁਕਸਾਨੇ ਗਏ ਹਨ।
ਦੇਸ਼ ਦੇ 11 ਪ੍ਰਾਂਤਾਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਭੂਚਾਲ ਸਰਵਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਮੈਕਸਿਕੋ ਦੇ ਦੱਖਣ ਵਿੱਚ 7.1 ਤੀਬਰਤਾ ਨਾਲ ਦਾ ਭੂਚਾਲ ਆਇਆ। ਇਸ ਤੋਂ ਪਹਿਲਾਂ ਮੈਕਸਿਕੋ ਵਿੱਚ ਮੰਗਲਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ਦੇ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਸੀ। ਇਸ ਨਾਲ ਮੈਕਸਿਕੋ ਸਿਟੀ, ਦੱਖਣੀ ਮੈਕਸਿਕੋ ਅਤੇ ਸੈਂਟਰਲ ਮੈਕਸਿਕੋ ਦੀਆਂ ਕਈ ਇਮਾਰਤਾਂ ਹਿੱਲ ਗਈਆਂ।
ਹਜ਼ਾਰਾਂ ਲੋਕ ਘਬਰਾਹਟ ਵਿਚ ਸੜਕਾਂ ਉੱਤੇ ਆ ਗਏ। ਅਮਰੀਕੀ ਭੂ-ਵਿਗਿਆਨ ਵਿਭਾਗ ਦੇ ਸਰਵੇ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 10.29 ਵਜੇ ਆਇਆ। ਇਸ ਦਾ ਕੇਂਦਰ ਓਕਸਾਕਾ ਸਟੇਟ ਤੋਂ 12 ਕਿਲੋਮੀਟਰ ਦੀ ਦੂਰੀ 'ਤੇ ਸੀ। ਅਮਰੀਕਾ ਦੀ ਸੁਨਾਮੀ ਨਿਗਰਾਨੀ ਪ੍ਰਣਾਲੀ ਨੇ ਰਾਜ ਵਿਚ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਮੈਕਸਿਕੋ ਵਿੱਚ ਇਸ ਤੋਂ ਪਹਿਲਾਂ 2017 ਵਿੱਚ ਦੋ ਭੁਚਾਲ ਆਏ ਸਨ।