ਲੰਡਨ: ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਦੀ ਕੋਰੋਨਾ ਰਿਪੋਰਟ ਅਪ੍ਰੈਲ ਵਿੱਚ ਸਕਾਰਾਤਮਕ ਆਈ ਸੀ, ਪਰ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ। ਪ੍ਰਿੰਸ ਚਾਰਲਸ ਦੇ ਨਾਲ, ਉਹ ਵੀ ਇਸ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਏ ਸਨ। ਉਨ੍ਹਾਂ ਨੇ ਇਹ ਜਾਣਕਾਰੀ ਲੋਕਾਂ ਤੋਂ ਗੁਪਤ ਰੱਖੀ ਕਿਉਂਕਿ ਉਹ ਜਾਣਕਾਰੀ ਨੂੰ ਸਾਂਝਾ ਕਰ ਕੇ ਲੋਕਾਂ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ
ਬ੍ਰਿਟਿਸ਼ ਮੀਡੀਆ ਨੇ ਐਤਵਾਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ। ਪ੍ਰਿੰਸ ਵਿਲੀਅਮ ਦੇ ਦਫ਼ਤਰ ਨੇ ਅਧਿਕਾਰਤ ਤੌਰ 'ਤੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
'ਦਿ ਸਨ' ਦੇ ਅਨੁਸਾਰ ਪ੍ਰਿੰਸ ਵਿਲੀਅਮ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ। ਇਕਾਂਤਵਾਸ ਦੌਰਾਨ ਉਨ੍ਹਾਂ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਗਿਆ ਸੀ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੀ ਹਾਲਤ ਕਿੰਨੀ ਕੂ ਗੰਭੀਰ ਸੀ।
ਤੁਹਾਨੂੰ ਦੱਸ ਦੇਈਏ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਕੋਵਿਡ -19 ਮਹਾਂਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇੰਗਲੈਂਡ ਵਿੱਚ ਤਾਲਾਬੰਦੀ ਦਾ ਐਲਾਨ ਕੀਤਾ। ਦੂਜੀ ਤਾਲਾਬੰਦੀ, ਜੋ ਕਿ 5 ਨਵੰਬਰ ਤੋਂ ਸ਼ੁਰੂ ਹੋਣੀ ਹੈ, 2 ਦਸੰਬਰ ਤੱਕ ਜਾਰੀ ਰਹੇਗੀ। ਇਹ ਫ਼ੈਸਲਾ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਅਤੇ ਹਸਪਤਾਲ ਵਿੱਚ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਲਿਆ ਗਿਆ ਹੈ।
ਬੀਬੀਸੀ ਦੁਆਰਾ ਵੇਖੇ ਗਏ ਇੱਕ ਦਸਤਾਵੇਜ਼ਾਂ ਦੇ ਅਨੁਸਾਰ, 'ਸਟੇਅ ਐਟ ਹੋਮ' ਦੇ ਨਵੇਂ ਆਦੇਸ਼ ਦਾ ਐਲਾਨ ਸੋਮਵਾਰ ਤੋਂ ਕੀਤਾ ਜਾ ਸਕਦਾ ਹੈ, ਪਰ ਇਸ ਨਾਲ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਛੋਟ ਮਿਲੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਵਾਧੂ ਪਾਬੰਦੀਆਂ ਨਾ ਲਗਾਈਆਂ ਜਾਂਦੀਆਂ ਤਾਂ ਬ੍ਰਿਟੇਨ ਵਿੱਚ ਪਹਿਲੀ ਲਹਿਰ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧੇਰੇ ਹੋਣੀ ਸੀ।
ਬੀਬੀਸੀ ਨੇ ਕਿਹਾ ਕਿ ਇਹ ਦਸਤਾਵੇਜ਼ ਸਰਕਾਰ ਦੇ ਮਹਾਮਾਰੀ ਮਾਡਲਿੰਗ ਸਮੂਹ ਐਸਪੀਆਈ-ਐਮ ਦੁਆਰਾ ਜਾਨਸਨ ਨੂੰ ਦਿਖਾਉਣ ਲਈ ਕੀਤੀ ਗਈ ਪੇਸ਼ਕਾਰੀ ਦਾ ਹਿੱਸਾ ਸਨ। ਇਹ ਦਸਤਾਵੇਜ਼ ਐਮਰਜੈਂਸੀ ਲਈ ਸਰਕਾਰ ਦੇ ਵਿਗਿਆਨਕ ਸਲਾਹਕਾਰੀ ਸਮੂਹ (ਸੇਜ਼) ਦੇ ਅਧਿਕਾਰਤ ਬਿਆਨਾਂ ਤੋਂ ਬਾਅਦ ਸਾਹਮਣੇ ਆਏ ਹਨ। ਜਿਸ ਵਿੱਚ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਵਾਇਰਸ ਬਹੁਤ ਤੇਜ਼ੀ ਨਾਲ ਫ਼ੈਲ ਰਿਹਾ ਹੈ ਅਤੇ ਇਸ ਕਾਰਨ ਸਰਦੀਆਂ ਵਿੱਚ 85 ਹਜ਼ਾਰ ਮੌਤਾਂ ਦਾ ਅਨੁਮਾਨ ਲਗਾਇਆ ਗਿਆ ਸੀ।