ਚੰਡੀਗੜ੍ਹ: ਬਰਤਾਨੀਆ ਦੇ ਸਲੋਹ ਤੋਂ ਲੇਬਰ ਪਾਰਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਸ਼ੈਡੋ ਰੇਲ ਮੰਤਰੀ ਬਣਾਇਆ ਗਿਆ ਹੈ। ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਦੇ ਨਵੇਂ ਬਣੇ ਆਗੂ ਸਰ ਕੇਰ ਸਟਾਮਰ ਵੱਲੋਂ ਢੇਸੀ ਨੂੰ ਸ਼ੈਡੋ ਰੇਲ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ।
ਦੱਸ ਦਈਏ ਕਿ ਤਨਮਨਜੀਤ ਸਿੰਘ ਪਹਿਲਾਂ ਵੀ ਸਲੋਹ ਤੋਂ ਹੀਥਰੋ ਹਵਾਈ ਅੱਡੇ ਤੱਕ ਰੇਲ ਸੇਵਾ ਸ਼ੁਰੂ ਕਰਵਾਉਣ ਲਈ ਚੱਲ ਰਹੀ ਮੁਹਿੰਮ ਦਾ ਅਹਿਮ ਹਿੱਸਾ ਰਹੇ ਹਨ। ਉਨ੍ਹਾਂ ਨੇ ਇਸ ਨਿਯੁਕਤੀ ਤੋਂ ਬਾਅਦ ਪਾਰਟੀ ਆਗੂ ਸਰ ਕੇਰ ਸਟਾਮਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਆਉਣ ਦੇਣਗੇ।
ਇਹ ਵੀ ਪੜ੍ਹੋ: ਏਅਰ ਇੰਡੀਆ ਦੇ ਬਹਾਦਰ ਪਾਇਲਟ ਰਾਜੇਸ਼ ਦੀ ਹੋ ਰਹੀ ਸਾਰੇ ਪਾਸੇ ਚਰਚਾ
ਤਨਮਨਜੀਤ ਦੀ ਨਿਯੂਕਤੀ ਤੋਂ ਬਾਅਦ ਸਮੂਹ ਪੰਜਾਬੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਉਨ੍ਹਾਂ ਦੇ ਪਿਤਾ ਅਤੇ ਇੰਗਲੈਂਡ ਦੇ ਉੱਘੇ ਕਾਰੋਬਾਰੀ ਜਸਪਾਲ ਸਿੰਘ ਢੇਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਸਮੇਤ ਕਈ ਪੰਜਾਬੀ ਲੋਕਾਂ ਨੇ ਵਧਾਈ ਦਿੱਤੀ।