ਪੇਸ਼ਾਵਰ: ਪਾਕਿਸਤਾਨ ਵਿੱਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਰੁਕਣ ਦਾ ਨਾਂਅ ਨਹੀਂ ਲੈ ਰਹੇ ਹਨ। ਪੇਸ਼ਾਵਰ ਵਿੱਚ ਅਣਪਛਾਤੇ ਲੋਕਾਂ ਨੇ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ। ਨੌਜਵਾਨ ਦੀ ਲਾਸ਼ ਚਮਕਣੀ ਥਾਣੇ ਨੇੜੇ ਮਿਲੀ ਸੀ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।
ਪਹਿਲੇ ਸਿੱਖ ਟੀ. ਵੀ. ਪੱਤਰਕਾਰ ਦਾ ਸੀ ਭਰਾ
ਜਾਣਕਾਰੀ ਮੁਤਾਬਕ ਇਹ ਵਿਅਕਤੀ ਪਾਕਿ ਦੇ ਪਹਿਲੇ ਸਿੱਖ ਟੀ. ਵੀ. ਪੱਤਰਕਾਰ ਹਰਮੀਤ ਸਿੰਘ ਦੇ ਭਰਾ ਰਵਿੰਦਰ ਸਿੰਘ ਸੀ ਜਿਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਰਵਿੰਦਰ ਸਿੰਘ 25 ਸਾਲ ਦਾ ਸੀ। ਮਨ੍ਹਿਆ ਜਾ ਰਿਹਾ ਹੈ ਕਿ ਉਸ ਦਾ ਪੱਤਰਕਾਰ ਭਰਾ ਘੱਟ ਗਿਣਤੀਆਂ 'ਤੇ ਹੋ ਰਹੇ ਅੱਤਿਆਚਾਰ ਲਈ ਅਵਾਜ਼ ਚੁੱਕ ਰਿਹਾ ਸੀ ਤੇ ਇਹ ਖ਼ਦਸ਼ਾ ਜਤਾਈ ਜਾ ਰਹੀ ਹੈ ਕਿ ਇਸ ਦੇ ਕਾਰਨ ਹੀ ਰਵਿੰਦਰ ਦਾ ਕਤਲ ਕੀਤਾ ਗਿਆ ਹੈ।
ਸਿਰਸਾ ਨੇ ਪਾਕਿ ਸਰਕਾਰ ਨੂੰ ਲਿਆ ਕਰੜੇ ਹੱਥੀ
ਇਸ ਮਾਮਲੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਸਰਕਾਰ ਨੂੰ ਆੜੇ ਹੱਥੀ ਲਿਆ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਘਟ ਗਿਣਤੀਆਂ ਵਾਸਤੇ ਜਲਦ ਤੋਂ ਜਲਦ ਕਦਮ ਉਠਾਉਣ।
ਵਿਦੇਸ਼ ਮੰਤਰਾਲੇ ਨੇ ਕੀਤੀ ਨਿਖੇਧੀ
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਟਵੀਟ ਕਰ ਇਸ ਦੀ ਨਿਖੇਧੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਟਵੀਟ 'ਚ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਨ੍ਹਾਂ ਘਿਨਾਉਣੀਆਂ ਹਰਕਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜਨ ਅਤੇ ਫੌਰੀ ਤੌਰ 'ਤੇ ਮਿਸਾਲੀ ਸਜ਼ਾ ਦੇਣ।
ਉਸ ਤੋਂ ਪਹਿਲਾ ਨਨਕਾਣਾ ਸਾਹਿਬ ਨੂੰ ਬਣਾਇਆ ਨਿਸ਼ਾਨਾ
ਬੀਤੇ ਸ਼ੁਕੱਰਵਾਰ ਨੂੰ ਸ੍ਰੀ ਨਨਕਾਣਾ ਸਾਹਿਬ 'ਚ ਹਮਲੇ ਤੋਂ ਬਾਅਦ ਪਹਿਲਾ ਹੀ ਸਿੱਖਾਂ 'ਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪਾਕਿ 'ਚ ਘੱਟ ਗਿਣਤੀਆਂ 'ਤੇ ਤਸ਼ੱਦਦ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਪਾਕਿ 'ਚ ਇਸ ਤੋਂ ਪਹਿਲਾਂ ਧਰਮ ਪਰਿਵਰਨ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ।