ਨਵੀ ਦਿੱਲੀ: ਮਿਆਂਮਾਰ ਨੈਸ਼ਨਲ ਏਅਰਲਾਇੰਨਜ਼ ਦਾ ਇੱਕ ਜਹਾਜ਼ ਮਾਂਡਲੇ ਅੰਤਰ ਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਨੂੰ ਪਿਛਲੇ ਪਹੀਏ ਰਾਹੀਂ ਐਮਰਜੈਂਸੀ ਹਾਲਤ ਵਿੱਚ ਉਤਾਰਿਆ ਗਿਆ। ਅਜਿਹਾ ਜਹਾਜ਼ ਦਾ ਅਗਲਾ ਗੇਅਰ ਫ਼ੇਲ ਹੋਣ ਤੋਂ ਬਾਅਦ ਕੀਤਾ ਗਿਆ। ਜਹਾਜ਼ ਵਿੱਚ 89 ਲੋਕ ਸਵਾਰ ਸਨ।
ਐਮਬ੍ਰੇਅਰ 190 ਜਹਾਜ਼ ਹਵਾਈ ਅੱਡੇ ਦੇ ਰਨਵੇ 'ਤੇ ਫਿਸਲ ਗਿਆ। ਪਾਇਲਟ ਨੇ ਜਹਾਜ਼ ਦੇ ਨੋਜ਼ ਦੇ ਸਹਾਰੇ ਲੈਂਡਿੰਗ ਕਰਾਈ। ਇਸ ਤਰ੍ਹਾਂ ਦੀ ਲੈਡਿੰਗ ਤੋਂ ਬਾਅਦ ਕਿਸੇ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਮੁਤਾਬਕ ਜਹਾਜ਼ ਦੇ ਕੈਪਟਨ ਮੈਏਤ ਮੋ ਆਂਗ ਨੇ ਹਵਾਈ ਅੱਡੇ ਦੇ ਅਧਿਕਾਰੀ ਤੋਂ ਇਹ ਜਾਣਨ ਲਈ ਦੋ ਵਾਰ ਹਵਾਈ ਅੱਡੇ ਦਾ ਚੱਕਰ ਵੀ ਲਾਇਆ ਤਾਂ ਜੋ ਪਤਾ ਚੱਲ ਸਕੇ ਕਿ ਲੈਡਿੰਗ ਗੇਅਰ ਦਿਖ ਰਿਹਾ ਹੈ ਜਾਂ ਨਹੀਂ।
ਏਅਰਲਾਇੰਨਜ਼ ਮੁਤਾਬਕ ਜਹਾਜ਼ ਯੰਗੂਨ ਤੋਂ ਰਵਾਨਾ ਹੋਇਆ ਸੀ ਅਤੇ ਮਾਂਡਲੇ ਦੇ ਕੋਲ ਪਹੁੰਚ ਗਿਆ ਸੀ, ਜਦ ਪਾਇਲਟ ਸਾਹਮਣੇ ਦੇ ਲੈਡਿੰਗ ਗੇਅਰ ਨੂੰ ਖੋਲ੍ਹਣ ਵਿੱਚ ਅਸਮਰੱਥ ਸੀ। ਉਸ ਨੇ ਐਮਰਜੰਸੀ ਪ੍ਰਿਕਿਰਿਆਵਾਂ ਦਾ ਪਾਲਣ ਕੀਤਾ ਅਤੇ ਜਹਾਜ਼ ਦੇ ਭਾਰ ਨੂੰ ਘੱਟ ਕਰਨ ਲਈ ਜ਼ਿਆਦਾ ਈਂਧਨ ਖਰਚ ਕੀਤਾ।
ਲੈਡਿੰਗ ਦੇ ਇੱਕ ਵੀਡਿਓ ਵਿੱਚ ਜਹਾਜ਼ ਰਨਵੇ ਨੂੰ ਛੂਹਣ ਤੋਂ ਪਹਿਲਾਂ ਪਿਛਲੇ ਪਹੀਆਂ 'ਤੇ ਉਤਰਦਾ ਹੋਇਆ ਦਿਖਾਈ ਦਿੱਤਾ। ਜਹਾਜ਼ ਰੁੱਕਣ ਤੋਂ ਪਹਿਲਾਂ 25 ਸਕਿੰਟ ਲਈ ਫ਼ਿਸਲਿਆ।