ਨਵੀਂ ਦਿੱਲੀ: ਪਾਕਿਸਤਾਨ ਦੇ ਕਰਾਚੀ ਵਿੱਚ ਸਟਾਕ ਐਕਸਚੇਂਜ 'ਤੇ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਹੈ। ਇਸ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਇੱਕ ਨਿਊਜ਼ ਟੀਵੀ ਮੁਤਾਬਕ ਪਾਕਿਸਤਾਨ ਸਟਾਕ ਐਕਸਚੇਂਜ ਉੱਤੇ ਹੋਏ ਅੱਤਵਾਦੀ ਹਮਲੇ ਵਿੱਚ ਘੱਟੋ-ਘੱਟ ਤਿੰਨ ਜ਼ਖਮੀ ਹੋਏ ਹਨ। ਇਸ ਤੋਂ ਤੁਰੰਤ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਖੇਤਰ ਨੂੰ ਸੀਲ ਕਰ ਦਿੱਤਾ। 3 ਅੱਤਵਾਦੀ ਵੀ ਇਸ ਹਮਲੇ ਦੌਰਾਨ ਮਾਰੇ ਗਏ ਹਨ।
ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਪੰਜ ਤੋਂ ਛੇ ਜ਼ਖਮੀ ਲੋਕਾਂ ਨੂੰ ਇਲਾਜ ਲਈ ਕਰਾਚੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸਿੰਧ ਪੁਲਿਸ ਅਧਿਕਾਰੀ ਨੇ ਹਮਲੇ ਦੀ ਪੂਰੀ ਰਿਪੋਰਟ ਡੀਆਈਜੀ (ਦੱਖਣ) ਤੋਂ ਮੰਗੀ ਹੈ।
ਸਿੰਧ ਰੇਂਜਰਸ ਅਨੁਸਾਰ ਪਾਕਿਸਤਾਨ ਦੇ ਸਟਾਕ ਐਕਸਚੇਂਜ ਵਿੱਚ ਦਾਖਲ ਹੋਣ ਵਾਲੇ ਚਾਰ ਅੱਤਵਾਦੀ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਾਕਿਸਤਾਨੀ ਮੀਡੀਆ ਦੇ ਅਨੁਸਾਰ ਸਵੇਰੇ 9 ਵਜੇ ਦੇ ਕਰੀਬ 4 ਅੱਤਵਾਦੀ ਪਾਕਿਸਤਾਨ ਸਟਾਕ ਐਕਸਚੇਂਜ ਦੀ ਇਮਾਰਤ ਵਿੱਚ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਅੱਤਵਾਦੀਆਂ ਨੇ ਮੁੱਖ ਗੇਟ ਨੇੜੇ ਗ੍ਰੇਨੇਡ ਵੀ ਸੁੱਟੇ। ਜਾਣਕਾਰੀ ਦੇ ਅਨੁਸਾਰ, ਪਹਿਲਾ ਕਾਰੋਬਾਰੀ ਦਿਨ ਹੋਣ ਕਾਰਨ ਬਹੁਤ ਸਾਰੇ ਲੋਕ ਐਕਸਚੇਂਜ ਵਿੱਚ ਮੌਜੂਦ ਸਨ। ਹਮਲਾਵਰਾਂ ਵਿਚੋਂ 2 ਐਕਸਚੇਂਜ ਅੰਦਰ ਹੀ ਮਾਰੇ ਗਏ ਅਤੇ ਇੱਕ ਮੇਨ ਗੇਟ ਉੱਤੇ ਮਾਰਿਆ ਗਿਆ।