ਲਾਹੌਰ: ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦਾ ਕੰਮ ਜ਼ੀਰੋ ਲਾਈਨ ਤੋਂ ਗੁਰਦੁਆਰਾ ਸਾਹਿਬ ਤੱਕ 80 ਫ਼ੀਸਦੀ ਮੁਕੰਮਲ ਕਰ ਲਿਆ ਹੈ ਤੇ ਕੁਝ ਹੀ ਦਿਨਾਂ ਵਿੱਚ ਇਸ ਸੜਕ ਨੂੰ ਪੱਕਾ ਕਰ ਦਿੱਤਾ ਜਾਵੇਗਾ। ਇਸ ਬਾਰੇ ਪ੍ਰਾਜੈਕਟ ਨਾਲ ਕੰਮ ਕਰ ਰਹੇ ਸੀਨੀਅਰ ਇੰਜੀਨੀਅਰ ਨੇ ਜਾਣਕਾਰੀ ਦਿੱਤੀ।
ਇਸ ਬਾਰੇ ਸੀਨੀਅਰ ਇੰਜੀਨੀਅਰ ਕਾਸ਼ਿਫ਼ ਅਲੀ ਨੇ ਕਿਹਾ ਕਿ ਗੁਦੁਆਰਾ ਸਾਹਿਬ ਦੀ ਸਜਾਵਟ ਲਈ ਚਿੱਟਾ ਮਾਬਰਲ ਲਾਇਆ ਜਾਵੇਗਾ। 2 ਤੋਂ 3 ਹਫ਼ਤਿਆਂ ‘ਚ ਨਵਾਂ ਪੱਥਰ ਲਿਆਂਦਾ ਜਾਵੇਗਾ ਤੇ ਜ਼ਮੀਨ ਲੈਵਲ ਹੋਣ ਮਗਰੋਂ ਸੰਗਮਰਮਰ ਲਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ, ਜੇਬ 'ਤੇ ਵਧੇਗਾ ਬੋਝ
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਰਹਿਣ ਲਈ ਸਰਾਂ, ਲੰਗਰ ਹਾਲ ਤੇ ਪ੍ਰਸ਼ਾਸਨਿਕ ਬਲਾਕ, ਬਾਥਰੂਮ ਦਾ ਕੰਮ 40-80 ਫ਼ੀਸਦੀ ਪੂਰਾ ਹੋ ਚੁੱਕਿਆ ਹੈ। ਹੁਣ ਬਿਜਲੀ, ਗੈਸ, ਪਾਣੀ ਤੇ ਹੋਰ ਬਚਿਆ ਹੋਇਆ ਕੰਮ ਚੱਲ ਰਿਹਾ ਜਿਸ ਲਈ ਕਾਰੀਗਰ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੇ ਹਨ। ਕਰਤਾਰਪੁਰ ਸਾਹਿਬ ਗੁਰਦੁਆਰੇ ਕੋਲ ਖੰਡਾ ਸਥਾਪਤ ਕੀਤਾ ਜਾਵੇਗਾ ਜਿਸ ਲਈ ਚੁਣੀ ਹੋਈ ਥਾਂ ‘ਤੇ ਤਿਆਰੀ ਸ਼ੁਰੂ ਕਰ ਦਿੱਤੀ ਗਈ। ਇਸ ਦੇ ਨਾਲ ਹੀ 1-2 ਹਫ਼ਤਿਆਂ ਅੰਦਰ ਨਿਸ਼ਾਨ ਸਾਹਿਬ ਸਥਾਪਤ ਕਰ ਦਿੱਤਾ ਜਾਵੇਗਾ ਜਿਸ ਦੀ ਉਚਾਈ 150 ਫੁੱਟ ਰੱਖੀ ਜਾਵੇਗੀ।
ਗੁਰਦੁਆਰਾ ਦਰਬਾਰ ਸਾਹਿਬ ਦੇ ਨੇੜੇ ਅਤੇ ਲਾਂਘੇ ਦੇ ਆਲੇ-ਦੁਆਲੇ ਨੂੰ ਹਰਾ ਭਰਾ ਰੱਖਣ ਦੇ ਲਈ ਪੌਦੇ ਲਾਉਣ ਦਾ ਕੰਮ ਜਾਰੀ ਹੈ। ਲਾਂਘੇ ਦੇ ਕਿਨਾਰਿਆਂ ‘ਤੇ ਸਜਾਵਟੀ ਬੂਟੇ ਅਤੇ ਘਾਹ ਲਾਇਆ ਜਾਵੇਗਾ, ਜਿਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਵਾਹੀ ਗਈ ਜ਼ਮੀਨ ਦੀ ਦੇਖ-ਰੇਖ ਪਾਕਿਸਤਾਨ ਦੀ ਕੌਮੀ ਇੰਜਨੀਅਰਿੰਗ ਸੇਵਾ (NESPAK) ਕਰੇਗੀ। ਇਸ ਤੋਂ ਇਲਾਵਾ ਖੂਹ ਅਤੇ ਅੰਬ ਦੇ ਦਰਖ਼ਤ ਨੂੰ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ।
ਦੱਸ ਦਈਏ, ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ ਕੁੱਝ ਦਿਨਾਂ ਵਿੱਚ ਮੀਟਿੰਗ ਹੋਣ ਵਾਲੀ ਹੈ ਤੇ ਇੰਜੀਨੀਅਰ ਨੇ ਆਸ ਪ੍ਰਗਟਾਈ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ ਤੈਅ ਕੀਤੇ ਸਮੇਂ ਤੱਕ ਪੂਰਾ ਹੋ ਜਾਵੇਗਾ।