ਇਸਲਾਮਾਬਾਦ: ਪਾਕਿਸਤਾਨ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੀ ਲਾਗ ਦੇ 5,248 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਦੇਸ਼ ਵਿਚ ਸੰਕਰਮਣ ਦੇ ਮਾਮਲੇ ਵਧ ਕੇ 1,44,676 ਹੋ ਗਏ। ਪਾਕਿਸਤਾਨ ਵਿੱਚ 97 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਕੋਰੋਨਾ ਵਿਸ਼ਾਣੂ ਨਾਲ ਮਰਨ ਵਾਲਿਆਂ ਦੀ ਗਿਣਤੀ 2,729 ਹੋ ਗਈ ਹੈ।
ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 29,085 ਵਿਅਕਤੀਆਂ ਦੀ ਸਕ੍ਰੀਨਿੰਗ ਕੀਤੀ ਗਈ। ਦੇਸ਼ ਵਿੱਚ ਹੁਣ ਤਕ 8,97,650 ਲੋਕਾਂ ਦੀ ਜਾਂਚ ਕੀਤੀ ਗਈ ਹੈ।
ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਪੰਜਾਬ ਵਿੱਚ 54,138, ਸਿੰਧ ਵਿਚ 53,805, ਖ਼ੈਬਰ ਪਖ਼ਤੂਨਖਵਾ 18,013, ਬਲੋਚਿਸਤਾਨ 8,177, ਇਸਲਾਮਾਬਾਦ 8,569, ਗਿਲਗਿਤ ਬਾਲਟਿਸਤਾਨ 1,129 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਕੋਰੋਨਾ ਦੀ ਲਾਗ ਦੇ 647 ਮਾਮਲੇ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਦੌਰਾਨ 97 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਜਿਸ ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 2,729 ਹੋ ਗਈ। ਇਸ ਦੇ ਨਾਲ ਹੀ, ਹੁਣ ਤੱਕ 53,721 ਵਿਅਕਤੀ ਠੀਕ ਹੋ ਚੁੱਕੇ ਹਨ।
ਦੱਸ ਦੇਈਏ ਕਿ ਪਾਕਿਸਤਾਨ ਵਿੱਚ ਯੋਜਨਾ ਕਮਿਸ਼ਨ ਦੇ ਮੰਤਰੀ ਅਸਦ ਉਮਰ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੁਲਾਈ ਦੇ ਅੰਤ ਤੱਕ ਕੋਰੋਨਾ ਕੇਸ 12 ਲੱਖ ਤੱਕ ਪਹੁੰਚ ਸਕਦੇ ਹਨ।
ਵਿਸ਼ਵ ਪੱਧਰ ਤੇ ਹੁਣ ਤੱਕ, 79,00,000 ਤੋਂ ਵੱਧ ਲੋਕ ਸੰਕਰਮਿਤ ਹੋ ਚੁੱਕੇ ਹਨ ਅਤੇ 4,30,000 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।