ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਕੋਰੋਨਾ ਵਾਇਰਸ ਤੋਂ ਸੰਕਰਮਿਤ ਪਾਏ ਗਏ ਹਨ। ਉਸਦੇ ਬੇਟੇ ਨੇ ਇੱਕ ਟਵੀਟ ਵਿੱਚ ਇਸਦੀ ਪੁਸ਼ਟੀ ਕੀਤੀ ਹੈ।
ਸਥਾਨਕ ਮੀਡੀਆ ਰਿਪੋਰਟ ਅਨੁਸਾਰ, ਕਾਸਿਮ ਗਿਲਾਨੀ ਨੇ ਟਵੀਟ ਕਰ ਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਨੂੰ ਉਸਦੇ ਪਿਤਾ ਦੇ ਕੋਰੋਨਾ ਨਾਲ ਪੀੜਤ ਹੋਣ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਉਸਨੇ ਟਵੀਟ ਕੀਤਾ, "ਤੁਹਾਡਾ ਧੰਨਵਾਦ ਇਮਰਾਨ ਖ਼ਾਨ ਦੀ ਸਰਕਾਰ ਅਤੇ ਰਾਸ਼ਟਰੀ ਜਵਾਬਦੇਹੀ ਬਿਊਰੋ। ਤੁਸੀਂ ਸਫਲਤਾ ਨਾਲ ਮੇਰੇ ਪਿਤਾ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਦਾ ਕੋਵਿਡ-19 ਟੈਸਟ ਸਕਾਰਾਤਮਕ ਆਇਆ।"
ਹਾਲ ਹੀ ਦੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨੀ ਸਿਆਸਤਦਾਨ ਅਤੇ ਸੰਸਦ ਮੈਂਬਰ ਕੋਰੋਨਾ ਵਿਚ ਸੰਕਰਮਿਤ ਹੋਏ ਹਨ ।
13 ਜੂਨ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ, ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਪੀਐਮਐਲ-ਐਨ ਦੇ ਜਨਰਲ ਸਕੱਤਰ ਅਹਿਸਨ ਇਕਬਾਲ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਸਨ।
ਇੱਕ ਦਿਨ ਪਹਿਲਾਂ, ਨੈਸ਼ਨਲ ਅਸੈਂਬਲੀ ਦੇ ਸਾਬਕਾ ਸਪੀਕਰ ਅਯਾਜ਼ ਸਾਦਿਕ ਨੂੰ ਵੀ ਇਸ ਬਿਮਾਰੀ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ।
ਪਾਕਿਸਤਾਨ ਵਿਚ ਕੋਰੋਨਾ ਦੇ 132,399 ਕੇਸ ਹੋਏ ਹਨ ਅਤੇ ਘੱਟੋ-ਘੱਟ 2,551 ਲੋਕਾਂ ਦੀ ਮੌਤ ਹੋ ਚੁੱਕੀ ਹੈ।