ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੂੰ ਲਾਹੌਰ ਹਾਈ ਕੋਰਟ ਵੱਲੋਂ ਰਾਹਤ ਮਿਲ ਗਈ ਹੈ। ਸੋਮਵਾਰ ਨੂੰ ਹਾਈ ਕੌਰਟ ਨੇ ਵਿਸ਼ੇਸ਼ ਅਦਾਲਤ ਨੂੰ ਅਸੰਵਿਧਾਨਕ ਕਰਾਰ ਦਿੱਤਾ ਜਿਸ ਨੇ ਮੁਸ਼ੱਰਫ਼ ਨੂੰ ਦੇਸ਼ਧ੍ਰੋਹੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾਈ ਸੀ।
ਦਰਅਸਲ ਇਸਲਾਮਾਬਾਦ ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ 17 ਦਸੰਬਰ ਨੂੰ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਸੁਣਾਈ ਸੀ। 6 ਸਾਲ ਤੱਕ ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਮਾਮਲੇ ਦੀ ਸੁਣਵਾਈ ਚੱਲੀ। ਇਹ ਮਾਮਲਾ 2013 ਵਿੱਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸਰਕਾਰ ਨੇ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਪਾਕਿ ਨਾਗਰਿਕ ਮੁਬਾਰਕ ਬਿਲਾਲ ਦੀ ਹੋਈ ਵਤਨ ਵਾਪਸੀ
ਜਸਟਿਸ ਸੈਯਦ ਮਜਹਰ ਅਲੀ ਅਕਬਰ ਨਕਬੀ, ਜਸਟਿਸ ਮੁਹੰਮਦ ਅਮੀਰ ਭੱਟੀ ਅਤੇ ਜਸਟਿਸ ਚੌਧਰੀ ਮਸੂਦ ਜਹਾਂਗੀਰ ਦੇ ਬੈਂਚ ਦਾ ਇਹ ਫੈ਼ਸਲਾ ਮੁਸ਼ੱਰਫ਼ ਦੀ ਉਸ ਪਟੀਸ਼ਨ ਉੱਤੇ ਆਇਆ ਜਿਸ ਵਿੱਚ ਉਸ ਨੇ ਵਿਸ਼ੇਸ਼ ਅਦਾਲਤ ਨੇ ਗਠਨ ਨੂੰ ਚੁਣੌਤੀ ਦਿੱਤੀ ਸੀ।
ਮੁਸ਼ੱਰਫ਼ ਨੇ ਆਪਣੀ ਪਟੀਸ਼ਨ ਉੱਤੇ ਫ਼ੈਸਲਾ ਆਉਣ ਤੱਕ ਵਿਸ਼ੇਸ਼ ਅਦਾਲਤ ਦੇ ਫੈਸਲੇ ਉੱਤੇ ਰੋਕ ਲਗਾਉਣ ਦੇ ਨਾਲ ਉਸ ਨੂੰ ਗ਼ੈਰ ਕਾਨੂੰਨੀ ਅਤੇ ਅਸੰਵਿਧਾਨਕ ਕਰਾਰ ਦੇਣ ਦੀ ਅਪੀਲ ਕੀਤੀ ਸੀ।