ਨਵੀਂ ਦਿੱਲੀ: ਵੀਰਵਾਰ ਨੂੰ ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ ਵੱਲੋਂ ਖਾਲਿਸਤਾਨ ਪੱਖੀ ਸਰਗਰਮੀਆਂ ਅਤੇ ‘ਖਾਲਿਸਤਾਨ ਰੈਫਰੈਂਡਮ 2020’ ਦੀ ਹਮਾਇਤ ਕਰਨ ਲਈ ਆਈਐਸਆਈ ਵਿਰੁੱਧ ਪਾਕਿਸਤਾਨ ਹਾਈ ਕਮਿਸ਼ਨ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜਿਸ ਨੂੰ ਲੈ ਕੇ ਹੁਣ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਖਾਲਿਸਤਾਨ ਸਮਰਥਕ ਗੋਪਾਲ ਚਾਵਲਾ ਨੇ ਇੱਕ ਵੀਡੀਓ ਜਾਰੀ ਕਰਕੇ ਮਨਜੀਤ ਸਿੰਘ ਜੀਕੇ ਨੂੰ ਧਮਕੀ ਦਿੱਤੀ ਹੈ।
ਗੋਪਾਲ ਚਾਵਲਾ ਨੇ ਮਨਜੀਤ ਜੀਕੇ ਨੂੰ ਧਮਕੀ ਦਿੰਦਿਆ ਕਿਹਾ ਕਿ ਜੇਕਰ ਉਹ ਦੁਬਾਰਾ ਖਾਲਿਸਤਾਨ ਅਤੇ ਪਾਕਿਸਤਾਨ ਖ਼ਿਲਾਫ਼ ਮਾੜਾ ਬੋਲੇਗਾ ਤਾਂ ਉਸ ਦਾ ਮਾੜਾ ਹਸ਼ਰ ਹੋਵੇਗਾ। ਇਸ ਦੇ ਨਾਲ ਹੀ ਗੋਪਾਲ ਚਾਵਲਾ ਨੇ ਕਿਹਾ ਜੇਕਰ ਉਹ ਪਾਕਿਸਤਾਨ ਖ਼ਿਲਾਫ਼ ਮਾੜਾ ਬੋਲੇਗਾ ਤਾਂ ਇਸ ਨਾਲ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਜਿਸ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਹੈ, ਉਸ ਦੇ ਦਿਲ ਨੂੰ ਸੱਟ ਵੱਜੇਗੀ।
ਇਹ ਵੀ ਪੜੋ: ਮਨਜੀਤ ਸਿੰਘ ਜੀਕੇ ਨੇ ਪਾਕਿ ਐਂਬੈਸੀ ਬਾਹਰ ISI ਵਿਰੁੱਧ ਕੀਤਾ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਨੇੜੇ ਵਿਰੋਧ ਪ੍ਰਦਰਸ਼ਨ ਦੌਰਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਸੀ, “ਪਾਕਿਸਤਾਨ ਨੂੰ ਸਿੱਖ ਭਾਈਚਾਰੇ ਦੇ ਅਧਿਕਾਰਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਚੀਨ ਪਾਕਿਸਤਾਨ ਨੂੰ ਫੰਡ ਦੇ ਰਿਹਾ ਹੈ ਅਤੇ ਉਹ ਭਾਰਤ ਦੇ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਕਸਾ ਰਿਹੈ।"