ਨਵੀਂ ਦਿੱਲੀ: ਨੇਪਾਲ ਤੋਂ ਬਾਅਦ ਹੁਣ ਪਾਕਿਸਤਾਨ ਨੇ ਵੀ ਆਪਣਾ ਨਵਾਂ ਨਕਸ਼ਾ ਜਾਰੀ ਕੀਤਾ ਹੈ। ਇਸ ਨਕਸ਼ੇ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੰਗਲਵਾਰ ਨੂੰ ਜਾਰੀ ਕੀਤਾ। ਪਾਕਿ ਨੇ ਇਸ ਨਕਸ਼ੇ ਵਿੱਚ ਕਸ਼ਮੀਰ ਨੂੰ ਆਪਣੇ ਹਿੱਸੇ (ਯਾਨੀ ਪਾਕਿਸਤਾਨ ਵਿੱਚ) ਵਿੱਚ ਦਿਖਾਇਆ ਹੈ। ਦੱਸ ਦੇਈਏ ਕਿ ਪਾਕਿ ਵੱਲੋਂ ਜਾਰੀ ਕੀਤੇ ਗਏ ਰਾਜਨੀਤਿਕ ਨਕਸ਼ੇ ਨੂੰ ਮੰਗਲਵਾਰ ਨੂੰ ਭਾਰਤ ਨੇ ਰਾਜਨੀਤਿਕ ਮੂਰਖਤਾ ਕਰਾਰ ਦਿੱਤਾ ਹੈ ਤੇ ਕਿਹਾ ਕਿ ਇਸ ਤਰ੍ਹਾਂ ਦੇ ਹਾਸੋਹੀਣੇ ਦਾਅਵਿਆਂ ਦੀ ਨਾ ਤਾਂ ਕਾਨੂੰਨੀ ਵੈਧਤਾ ਹੈ ਅਤੇ ਨਾ ਹੀ ਅੰਤਰਰਾਸ਼ਟਰੀ ਭਰੋਸੇਯੋਗਤਾ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, 'ਅਸੀਂ ਪਾਕਿਸਤਾਨ ਦਾ ਕਥਿਤ ਰਾਜਨੀਤਿਕ ਨਕਸ਼ੇ ਨੂੰ ਦੇਖਿਆ ਹੈ ਜਿਸ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਾਰੀ ਕੀਤਾ ਹੈ। ਭਾਰਤ ਦੇ ਗੁਜਰਾਤ ਰਾਜ ਅਤੇ ਸਾਡੇ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ 'ਤੇ ਅਪ੍ਰਤੱਖ ਦਾਅਵੇ ਕਰਨਾ ਸਿਆਸੀ ਮੂਰਖਤਾ ਹੈ। ਭਾਰਤ ਨੇ ਕਿਹਾ, ‘ਇਨ੍ਹਾਂ ਹਾਸੋਹੀਣੇ ਦਾਅਵਿਆਂ ਦੀ ਨਾ ਤਾਂ ਕਾਨੂੰਨੀ ਵੈਧਤਾ ਹੈ ਅਤੇ ਨਾ ਹੀ ਕੋਈ ਅੰਤਰਰਾਸ਼ਟਰੀ ਭਰੋਸੇਯੋਗਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦਰਅਸਲ, ਇਹ ਨਵੀਂ ਕੋਸ਼ਿਸ਼ ਸਰਹੱਦ ਪਾਰ ਅੱਤਵਾਦ ਦਾ ਸਮਰਥਨ ਕਰਨ ਦੇ ਪਾਕਿਸਤਾਨ ਦੇ ਜਨੂੰਨ ਦੀ ਹਕੀਕਤ ਦੀ ਹੀ ਪੁਸ਼ਟੀ ਕਰਦਾ ਹੈ।
ਇਸ ਤੋਂ ਪਹਿਲਾਂ, ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟੀਵੀ ਉੱਤੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਇਹ ਨਕਸ਼ਾ ਪਿਛਲੇ ਸਾਲ 5 ਅਗਸਤ ਨੂੰ ਭਾਰਤ ਦੇ ਕਦਮ ਨੂੰ ਝੂਠਾ ਦੱਸ ਰਿਹਾ ਹੈ। ਖ਼ਾਨ ਨੇ ਇਹ ਵੀ ਕਿਹਾ ਕਿ ਇਸ ਨਵੇਂ ਨਕਸ਼ੇ ਨੂੰ ਉਨ੍ਹਾਂ ਦੇ ਮੰਤਰੀ ਮੰਡਲ ਅਤੇ ਪੂਰੀ ਰਾਜਨੀਤਿਕ ਲੀਡਰਸ਼ਿਪ ਦਾ ਸਮਰਥਨ ਪ੍ਰਾਪਤ ਹੈ। ਹੁਣ ਇਸ ਦੀ ਵਰਤੋਂ ਪਾਕਿਸਤਾਨ ਕਰੀਕੂਲਮ ਵਿਚ ਕੀਤੀ ਜਾਵੇਗੀ। ਇੱਕ ਵਾਰ ਫਿਰ ਇਮਰਾਨ ਖ਼ਾਨ ਨੇ ਦੁਹਰਾਇਆ ਕਿ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਫੈਸਲੇ ਨੂੰ ਸਵੀਕਾਰ ਕਰਨਾ ਕਸ਼ਮੀਰ ਵਿਵਾਦ ਦਾ ਹੱਲ ਹੈ ਅਤੇ ਪਾਕਿਸਤਾਨ ਇਸ ਲਈ ਆਪਣੀਆਂ ਰਾਜਨੀਤਿਕ ਅਤੇ ਕੂਟਨੀਤਕ ਕੋਸ਼ਿਸ਼ਾਂ ਜਾਰੀ ਰੱਖੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਮੁਤਾਬਕ, ਇਸ ਨਵੇਂ ਨਕਸ਼ੇ ਵਿੱਚ ਵਿਵਾਦਿਤ ਖੇਤਰ ਕਸ਼ਮੀਰ ਦਿਖਾਇਆ ਗਿਆ ਹੈ। ਸਿਆਚਿਨ ਅਤੇ ਸਰ ਕ੍ਰੀਕ ਨੂੰ ਪਾਕਿਸਤਾਨ ਦਾ ਹਿੱਸਾ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ:ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 18 ਲੱਖ ਤੋਂ ਪਾਰ, 38 ਹਜ਼ਾਰ ਤੋਂ ਵੱਧ ਮੌਤਾਂ