ਨਵੀਂ ਦਿੱਲੀ : ਪਾਕਿਸਤਾਨ ਅਤੇ ਅੰਤਰ ਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ਼) ਦੇ ਵਿਚਕਾਰ ਐਤਵਾਰ ਨੂੰ ਆਖ਼ਰਕਾਰ ਸਮਝੌਤਾ ਹੋ ਗਿਆ ਹੈ, ਜਿਸ ਦੇ ਅਧੀਨ ਆਈਐੱਮਐੱਫ਼ ਖ਼ਸਤਾ ਹਾਲਤ ਅਰਥ ਵਿਵਸਥਾ ਵਾਲੇ ਦੇਸ਼ ਨੂੰ 3 ਸਾਲਾਂ ਵਿੱਚ 6 ਅਰਬ ਡਾਲਰ ਦਾ 'ਬੇਲਆਉਟ ਪੈਕੇਜ' ਦੇਵੇਗਾ।
ਜਾਣਕਾਰੀ ਮੁਤਾਬਕ ਇਮਰਾਨ ਖ਼ਾਨ ਦੇ ਵਿੱਤੀ ਸਲਾਹਕਾਰ ਅਬਦੁੱਲ ਹਾਫ਼ੀਜ਼ ਨੇ ਕਿਹਾ ਕਿ ਫ਼ਿਲਹਾਲ ਇਸ ਸਮਝੌਤੇ ਨੂੰ ਵਾਸ਼ਿੰਗਟਨ ਵਿੱਚ ਆਈਐੱਮਐੱਫ਼ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੰਨਜ਼ੂਰੀ ਬਾਕੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤੀ ਸਲਾਹਕਾਰ ਹਫ਼ੀਜ਼ ਸ਼ੇਖ ਨੇ ਕਿਹਾ ਕਿ, "ਵਪਾਰ ਘਾਟਾ 20 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਅਤੇ ਪਿਛਲੇ 2 ਸਾਲਾਂ ਵਿੱਚ ਸਾਡੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 50 ਫ਼ੀਸਦੀ ਗਿਰਾਵਟ ਆਈ ਹੈ। ਇਸ ਲਈ ਪਾਕਿਸਤਾਨ ਸਲਾਨਾ ਭੁਗਤਾਨ ਵਿੱਚ 12 ਬਿਲੀਅਨ ਡਾਲਰ ਦਾ ਅੰਤਰ ਹੈ ਅਤੇ ਸਾਡੇ ਕੋਲ ਉਸ ਦਾ ਭੁਗਤਾਨ ਕਰਨ ਦੀ ਸਮਰੱਥਾ ਨਹੀਂ ਹੈ।
ਆਈਐੱਮਐੱਫ਼ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਨੇ ਮਹਿੰਗਾਈ, ਉੱਚ ਕਰਜ਼ ਅਤੇ ਸੁਸਤ ਵਿਕਾਸ ਦੀਆਂ ਸਮੱਸਿਆਵਾਂ ਨਾਲ ਨਿਪਟਣ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ ਹੈ, ਆਈਐੱਮਐੱਫ਼ ਨੇ ਕਿਹਾ ਕਿ ਉਹ ਦੇਸ਼ ਵਿੱਚ ਕਰ ਸੁਧਾਰਾਂ ਦਾ ਸਮਰੱਥਨ ਕਰਦੀ ਹੈ ਅਤੇ ਇਸ ਨਾਲ ਖ਼ਰਚ ਵਿੱਚ ਵੀ ਵਾਧਾ ਹੋਵੇਗਾ।