ਬੀਜਿੰਗ: ਚੀਨ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3237 ਹੋ ਗਈ ਹੈ ਜਦਕਿ ਏਸ਼ੀਆਈ ਦੇਸ਼ਾਂ ਵਿੱਚ ਕੋਵਿਡ-19 ਦੇ ਪੀੜਤਾਂ ਦੀ ਗਿਣਤੀ 80,894 ਹੋ ਗਈ ਹੈ।
ਇੱਕ ਸਮਾਚਾਰ ਏਜੰਸੀ ਮੁਤਾਬਕ ਚੀਨ ਵਿੱਚ ਕੋਰੋਨਾ ਵਾਇਰਸ ਕਾਰਨ 11 ਹੋਰ ਮੌਤਾਂ ਹੋ ਗਈਆਂ ਹਨ ਅਤੇ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਮੰਗਲਵਾਰ ਨੂੰ 21 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਠੀਕ ਹੋਣ ਤੋਂ ਬਾਅਦ ਕੁੱਲ 922 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਗੰਭੀਰ ਮਾਮਲਿਆਂ ਦੀ ਗਿਣਤੀ 208 ਘਟ ਕੇ 2,622 ਹੋ ਗਈ ਹੈ।
ਚੀਨ ਵਿੱਚ ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਅੱਧੀ ਰਾਤ ਤੱਕ 80,894 ਤੱਕ ਪਹੁੰਚ ਗਈ ਹੈ, ਜਿਸ ਵਿੱਚ 8,056 ਮਰੀਜ਼ਾਂ ਦਾ ਅਜੇ ਇਲਾਜ ਚੱਲ ਰਿਹਾ ਹੈ। 69,601 ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ ਅਤੇ 3,237 ਵਿਅਕਤੀ ਆਪਣੀ ਜਾਨ ਗਵਾ ਚੁੱਕੇ ਹਨ।
ਦੱਸ ਦਈਏ ਕਿ ਭਾਰਤ ਵਿੱਚ ਵੀ ਕੋਵਿਡ-19 ਦੇ ਹੁਣ ਤੱਕ 139 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ ਹੈ। ਇਸੇ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਵਿਦਿਅਕ ਅਦਾਰੇ, ਜਿਮ, ਕਲੱਬ ਅਤੇ ਸਿਨੇਮਾ ਘਰ 31 ਮਾਰਚ ਤੱਕ ਆਰਜ਼ੀ ਤੌਰ ਉੱਤੇ ਬੰਦ ਕਰ ਦਿੱਤੇ ਗਏ ਹਨ।