ਨਵੀਂ ਦਿੱਲੀ: ਚੀਨ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਚੀਨ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ 'ਚ ਕੋਰੋਨੋ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 636 ਹੋ ਗਈ ਹੈ। ਚੀਨ ਵਿੱਚ ਹੁਣ ਤੱਕ ਕੁਲ 31,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇੱਕ ਦਿਨ ਵਿੱਚ 73 ਲੋਕਾਂ ਦੀ ਮੌਤ ਹੋ ਗਈ ਸੀ।
ਸਿਹਤ ਅਧਿਕਾਰੀਆਂ ਮੁਤਾਬਕ ਬੁੱਧਵਾਰ ਨੂੰ ਚੀਨ ਵਿੱਚ 3,694 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 2987 ਕੇਸ ਚੀਨ ਦੇ ਹੁਬੇਈ ਸੂਬੇ ਵਿੱਚ ਸਾਹਮਣੇ ਆਏ ਹਨ। ਇਸ ਰਾਜ ਵਿੱਚ 73 ਵਿੱਚੋਂ 70 ਮੌਤਾਂ ਵੀ ਹੋਈਆਂ। ਹੁਬੇਈ ਦੀ ਰਾਜਧਾਨੀ ਵੁਹਾਨ ਤੋਂ ਹੀ ਚੀਨ ਸਮੇਤ ਵਿਸ਼ਵ ਦੇ 31 ਦੇਸ਼ਾਂ ਵਿੱਚ ਇਹ ਵਾਇਰਸ ਫੈਲ ਚੁੱਕਾ ਹੈ।
ਇਸ ਵਾਇਰਸ ਦੇ ਫ਼ੈਲਣ ਤੋਂ ਰੋਕਣ ਲਈ, 2 ਦਰਜਨ ਤੋਂ ਵੱਧ ਵਿਦੇਸ਼ੀ ਏਅਰਲਾਈਨਜ਼ ਨੇ ਆਪਣੀਆਂ ਉਡਾਣਾਂ ਨੂੰ ਚੀਨ ਲਈ ਬੰਦ ਜਾ ਘਟ ਕਰ ਦਿੱਤਾ ਹੈ। ਕਈ ਦੇਸ਼ਾਂ ਨੇ ਚੀਨ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ 'ਤੇ ਵੀ ਸੀਲ ਲਗਾ ਦਿੱਤੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਗੰਭੀਰ ਖ਼ਤਰੇ ਦੇ ਮੱਦੇਨਜ਼ਰ ਪਿਛਲੇ ਹਫਤੇ ਹੀ ਇੱਕ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ। WHO ਦੀ ਅਗਵਾਈ ਹੇਠ ਕਈ ਦੇਸ਼ਾਂ ਦੇ ਮਾਹਰਾਂ ਦੀ ਟੀਮ ਚੀਨ ਦਾ ਦੌਰਾ ਕਰੇਗੀ। ਦੂਜੇ ਪਾਸੇ, ਸੈਂਕੜੇ ਮਾਹਰ 11 ਅਤੇ 12 ਫਰਵਰੀ ਨੂੰ ਜੇਨੇਵਾ ਵਿੱਚ ਇਕੱਠੇ ਹੋਣਗੇ ਤਾਂ ਜੋ ਵਾਇਰਸ ਨੂੰ ਰੋਕਿਆ ਜਾ ਸਕੇ। 2 ਦਿਨਾਂ ਕਾਨਫ਼ਰੰਸ ਵਿੱਚ ਵਿਚਾਰ ਵਟਾਂਦਰੇ ਵਿੱਚ ਦੱਸਿਆ ਜਾਏਗਾ ਕਿ ਦਵਾਈਆਂ ਅਤੇ ਟੀਕਿਆਂ ਦੇ ਵਿਕਾਸ ਵਿੱਚ ਤੇਜ਼ੀ ਕਿਵੇਂ ਲਿਆਂਦੀ ਜਾਵੇ।