ਸਾਉਥਹਾਲ: 12 ਸਤੰਬਰ 1897 ਨੂੰ ਹੋਈ ਇਤਿਹਾਸਕ ਸਾਰਾਗੜ੍ਹੀ ਦੀ ਜੰਗ ਵਿੱਚ ਬਹਾਦਰੀ ਨਾਲ ਲੜਨ ਵਾਲੇ 36 ਸਿੱਖ ਬਟਾਲੀਅਨ ਦੇ 21 ਸਿੱਖ ਸ਼ਹੀਦਾਂ ਦੀ ਯਾਦ ਵਿੱਚ ਬ੍ਰਿਟਿਸ਼ ਆਰਮੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ 'ਚ 10 ਹਜ਼ਾਰ ਅਫ਼ਗਾਨੀ ਫੌਜਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ 21 ਯੋਧਿਆਂ ਨੂੰ ਯਾਦ ਕੀਤਾ ਗਿਆ। ਇਹ ਪ੍ਰੋਗਰਾਮ ਲੰਡਨ ਦੇ ਸਾਉਥਹਾਲ ਵਿਖੇ ਕਰਵਾਇਆ ਗਿਆ, ਜਿਸ ਨੂੰ ਮਿੰਨੀ ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਮਾਗਮ ਵਿੱਚ ਕਈ ਚੀਜਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਦੱਸਣਯੋਗ ਹੈ ਕਿ ਸਾਰਾਗੜ੍ਹੀ ਦਾ ਕਿਲ੍ਹਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜਿਲ੍ਹੇ 'ਚ ਕਰੀਬ 6 ਹਜ਼ਾਰ ਫੁੱਟ ਦੀ ਉਚਾਈ 'ਤੇ ਹੈ। ਇਹ ਉਹ ਇਲਾਕਾ ਹੈ ਜਿੱਥੇ ਰਹਿਣ ਵਾਲੇ ਲੋਕਾਂ 'ਤੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ ਨਹੀਂ ਹੋ ਸਕਿਆ। 15 ਅਗਸਤ 1947 ਤੋਂ ਪਹਿਲਾਂ ਇਹ ਭਾਰਤ ਦਾ ਹਿੱਸਾ ਹੁੰਦਾ ਸੀ। ਸਾਰਾਗੜ੍ਹੀ ਦੀ ਜੰਗ ਨੂੰ ਦੁਨੀਆਂ ਦੇ ਸਭ ਤੋਂ ਵੱਡੇ 'ਲਾਸਟ ਸਟੈਂਡਸ' 'ਚ ਥਾਂ ਦਿੱਤੀ ਗਈ। ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌਜ ਦੇ ਦਸਤੇ ਅਤੇ ਅਫ਼ਗਾਨੀ ਕਬੀਲਿਆਂ ਵਿਚਕਾਰ ਹੋਈ ਸੀ।
21 ਸਿੱਖਾਂ ਦਾ 10 ਹਜ਼ਾਰ ਪਠਾਨਾਂ ਨਾਲ ਹੋਇਆ ਸੀ ਸਾਹਮਣਾ
ਇਸ ਦੇ ਨਾਲ ਹੀ ਅਸੀਂ ਤੁਹਾਨੂੰ ਸਾਰਾਗੜ੍ਹੀ ਦੀ ਜੰਗ ਬਾਰੇ ਵੀ ਜਾਣੂ ਕਰਵਾਉਣ ਜਾ ਰਹੇ ਹਾਂ, ਜਦੋਂ 12 ਸਤੰਬਰ 1897 ਨੂੰ ਅਫ਼ਗਾਨੀ ਕਬੀਲਿਆਂ ਦੇ ਲਸ਼ਕਰਾਂ ਵਲੋਂ ਗੁਲਿਸਤਾਨ ਦੇ ਕਿਲ੍ਹੇ, ਸਾਰਾਗੜ੍ਹੀ, ਸੰਗਰ ਅਤੇ ਦਾਰ ’ਤੇ ਹਮਲੇ ਕਰ ਦਿੱਤੇ ਗਏ ਸਨ। ਸਾਰਾਗੜ੍ਹੀ ਚੌਕੀ ਦਾ ਕਮਾਂਡਰ 42 ਸਾਲਾ ਹਵਾਲਦਾਰ ਈਸ਼ਰ ਸਿੰਘ ਸੀ। ਸਵੇਰ ਦੇ ਅੱਠ ਵਜੇ ਜਦੋਂ ਚੌਕੀ ਵਿਖੇ ਸੈਨਿਕ ਆਪਣਾ ਖਾਣਾ ਖਾ ਚੁੱਕੇ ਸਨ, ਉਸ ਸਮੇਂ ਜਾਣਕਾਰੀ ਸਿਲੀ ਕਿ ਅਫ਼ਗਾਨਾਂ ਦਾ ਇੱਕ ਵੱਡਾ ਲਸ਼ਕਰ ਉਤੱਰ ਵਾਲੇ ਪਾਸਿਉਂ ਕਿਲ੍ਹੇ ਵੱਲ ਨੂੰ ਵੱਧ ਰਿਹਾ ਹੈ। ਹਵਾਲਦਾਰ ਈਸ਼ਰ ਸਿੰਘ ਦੇ ਹੁਕਮ ਅਨੁਸਾਰ ਕਿਲ੍ਹੇ ਦੇ ਸੰਤਰੀ ਗੁਰਮੁਖ ਸਿੰਘ ਦੁਆਰਾ ਇਸ਼ਾਰਿਆਂ ਨਾਲ ਲੌਕਹਾਰਟ ਕਿਲ੍ਹੇ ਦੇ ਕਮਾਂਡਰ ਨੂੰ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਸੈਨਿਕਾਂ ਦੁਆਰਾ ਲੜਾਈ ਲਈ ਪੁਜ਼ੀਸ਼ਨਾਂ ਲੈ ਲਈਆਂ ਗਈਆਂ। ਇਹ ਲੜਾਈ ਛੇ ਘੰਟੇ ਪੰਤਾਲੀ ਮਿੰਟ ਤਕ ਚੱਲੀ ਸੀ। ਇਸ ਹਮਲੇ 'ਚ 21 ਸਿਖਾਂ ਨੇ 10 ਹਜ਼ਾਰ ਤੋਂ ਵੱਧ ਅਫ਼ਗਾਨੀ ਹਮਲਾਵਰਾਂ ਨੂੰ ਮਾਰ ਗਿਰਾਇਆਂ ਸੀ। 36ਵੀਂ ਸਿੱਖ ਰੈਜੀਮੈਂਟ ਦੇ 21 ਸੈਨਿਕ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਸਨ।
21 ਸੈਨਿਕਾਂ ਨੇ ਸੱਤ ਘੰਟੇ ਬੜੀ ਬਹਾਦਰੀ ਨਾਲ ਹਜ਼ਾਰਾਂ ਸੈਨਿਕਾਂ ਦਾ ਟਾਕਰਾ ਕੀਤਾ ਸੀ। ਦੁਨੀਆਂ ਦੀਆਂ ਸੈਨਿਕ ਲੜਾਈਆਂ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਅਤਿ ਮਹੱਤਵਪੂਰਨ ਸਥਾਨ ਰੱਖਦੀ ਹੈ। ਬਹਾਦਰੀ ਅਤੇ ਯੁੱਧ ਕਲਾ ਦੀ ਮਹੱਤਤਾ ਕਾਰਨ ਇਸ ਨੂੰ ਇੰਗਲੈਂਡ, ਫਰਾਂਸ ਅਤੇ ਹੋਰ ਯੂਰੋਪੀਅਨ ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿੱਚ ਪੜ੍ਹਾਇਆ ਜਾਂਦਾ ਹੈ।