ਕੋਲੰਬੋ : ਈਸਟਰ ਮੌਕੇ ਸ਼੍ਰੀਲੰਕਾ ਵਿਖੇ ਹੋਏ ਲੜੀਵਾਰ ਬੰਬ ਧਮਾਕਿਆਂ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਹੈ। ਇਸ ਰੋਸ ਦੇ ਚਲਦੇ ਸਥਾਨਕ ਲੋਕਾਂ ਵੱਲੋਂ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਉੱਤਰ 'ਚ ਸਥਿਤ ਨੇਗੋਮਬੋ 'ਚ ਰਹਿਣ ਵਾਲੇ ਪਾਕਿਸਤਾਨੀ ਸ਼ਰਨਾਰਥੀਆਂ ਉੱਤੇ ਹਮਲਾ ਕੀਤਾ ਗਿਆ।
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਬੰਬ ਧਮਾਕੇ 'ਚ ਮਾਰੇ ਗਏ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਵਿੱਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਹੱਥਾਂ ਵਿੱਚ ਲੋਹੇ ਦੇ ਡੰਡੇ ਲੈ ਕੇ ਭੀੜ ਨੇ ਪਾਕਿਸਤਾਨੀ ਸ਼ਰਨਾਰਥੀਆਂ ਦੇ ਘਰਾਂ ਉੱਤੇ ਹਮਲਾ ਕਰ ਦਿੱਤਾ।
ਸਥਾਨਕ ਲੋਕਾਂ ਵੱਲੋਂ ਪਾਕਿਸਤਾਨੀ ਸ਼ਰਨਾਰਥੀਆਂ ਉੱਤੇ ਕਈ ਹਿੰਸਕ ਹਮਲੇ ਕੀਤੇ ਗਏ। ਜਿਸ ਕਾਰਨ ਬੁੱਧਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪਾਕਿਸਤਾਨੀ ਸ਼ਰਨਾਰਥੀ ਨੇਤਾਵਾਂ ਵੱਲੋਂ ਆਯੋਜਤ ਬੱਸਾ ਵਿੱਚ ਨੋਗੋਮਬੋ ਤੋਂ ਭੱਜਣ ਲਈ ਮਜ਼ਬੂਰ ਹੋ ਗਏ। ਸ਼ਰਨ ਦੇ ਚਾਹਵਾਨ ਇਹ ਪਾਕਿਸਤਾਨੀ ਸ਼ਰਨਾਰਥੀਆਂ 'ਚ 800 ਆਦਮੀ, ਮਹਿਲਾਵਾਂ ਅਤੇ ਬੱਚੇ ਸ਼ਾਮਲ ਹਨ। ਇਹ ਲੋਕ ਸੰਯੁਕਤ ਰਾਸ਼ਟਰ ਮਾਨਵ ਅਧਿਕਾਰ ਵੱਲੋਂ ਮੁਹਇਆ ਕਰਵਾਏ ਗਏ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਸਨ। ਇਨ੍ਹਾਂ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਮਕਾਨ ਮਾਲਕਾਂ ਵੱਲੋਂ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਕਿਉਂਕਿ ਮਕਾਨ ਮਾਲਕਾਂ ਨੂੰ ਇਨ੍ਹਾਂ ਸ਼ਰਨਾਰਥੀਆਂ ਉੱਤੇ ਅੱਤਵਾਦੀਆਂ ਨਾਲ ਜੁੜੇ ਹੋਣ ਦਾ ਸ਼ੱਕ ਹੈ। ਆਪਣੇ ਦੇਸ਼ ਵਿੱਚ ਪੀੜਤ ਇਹ ਸ਼ਰਨਾਰਥੀ ਪੰਜ ਸਾਲ ਪਹਿਲਾਂ ਪਾਕਿਸਤਾਨ ਤੋਂ ਆ ਕੇ ਸ਼੍ਰੀਲੰਕਾ ਵਿੱਚ ਰਹਿਣ ਲਗ ਪਏ।
ਇਸ ਬਾਰੇ ਮੁਸਲਿਮ ਕਾਂਉਸਲ ਆਫ਼ ਸ਼੍ਰੀਲੰਕਾ ਦੇ ਉਪ ਪ੍ਰਧਾਨ ਹਿਲਮੀ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਇਹ ਜਾਣਕਾਰੀ ਮਿਲੀ ਹੈ ਕਿ ਬੁੱਧਵਾਰ ਨੂੰ ਸਥਾਨਕ ਲੋਕਾਂ ਅਤੇ ਪਾਕਿਸਤਾਨੀ ਸ਼ਰਨਾਰਥੀਆਂ ਵਿਚਾਲੇ ਸੰਘਰਸ਼ ਹੋਇਆ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੇ ਚਰਚ ਵਿੱਚ ਪ੍ਰਾਰਥਨਾ ਕਰਨ ਲਈ ਪੁੱਜੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਤਮਘਾਤੀ ਹਮਲੇ ਕੀਤੇ ਗਏ ਸਨ। ਇਨ੍ਹਾਂ ਹਮਲੀਆਂ ਵਿੱਚ 200 ਵੱਧ ਲੋਕ ਮਾਰੇ ਗਏ ਜਿਸ 'ਚ 11 ਭਾਰਤੀ ਨਾਗਰਿਕ ਵੀ ਸ਼ਾਮਲ ਸਨ