ਸੰਯੁਕਤ ਰਾਸ਼ਟਰ ਦੇ ਵਿਸ਼ਵ ਖਾਧ ਪ੍ਰੋਗਰਾਮ ਨੂੰ ਕੋਰੋਨਾ ਕਾਲ ਵਿੱਚ ਸ਼ਾਂਤੀ ਦੇ ਨੋਬਲ ਪੁਰਸਕਾਰ ਨਾਲ ਨਵਾਜੇ ਜਾਣ ਦੇ ਐਲਾਨ ਨੇ ਸਭ ਦਾ ਧਿਆਨ ਖਿੱਚਿਆ। ਹਾਲਾਂਕਿ ਇਸ ਤੋਂ ਪਹਿਲਾਂ ਸ਼ਾਂਤੀ ਦਾ ਇਹ ਪੁਰਸਕਾਰ ਕਈ ਸੰਗਠਨਾਂ ਨੂੰ ਮਿਲ ਚੁੱਕਿਆ ਹੈ। ਪਰ 6 ਦਹਾਕੇ ਪੁਰਾਣੇ ਸੰਗਠਨ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਇਸ ਪੁਰਸਕਾਰ ਦਾ ਮਿਲਣਾ ਅਹਿਮ ਹੈ।
ਗਿੰਨੀਜ਼ ਵਰਲਡ ਰਿਕਾਰਡਜ਼ ਦੀ ਮੰਨੀਏ ਤਾਂ ਵਿਸ਼ਵ ਖਾਧ ਪ੍ਰੋਗਰਾਮ ਦੁਨੀਆ ਦਾ ਸਭ ਤੋਂ ਵੱਡਾ ਮਨੁੱਖੀ ਪ੍ਰੋਗਰਾਮ ਹੈ। ਇਸ ਨਾਲ ਵਿਸ਼ਵ ਖਾਧ ਪ੍ਰੋਗਰਾਮ 2030 ਤੱਕ ਦੁਨੀਆ ਵਿੱਚ ਭੁੱਖ ਨੂੰ ਖ਼ਤਮ ਕਰਨ ਦੇ ਆਪਣੇ ਗਲੋਬਲ ਟੀਚੇ ਲਈ ਪ੍ਰਤੀਬੱਧ ਹੈ। ਇਹ ਦੁਹਰਾਉਣ ਦੀ ਲੋੜ ਨਹੀਂ ਹੈ ਕਿ ਜਦੋਂ ਇਸ ਪ੍ਰੋਗਰਾਮ ਦੀ ਸਥਾਪਨਾ ਹੋਈ ਹੈ, ਉਦੋਂ ਤੋਂ ਇਹ ਭੁੱਖਮਰੀ ਨੂੰ ਖ਼ਤਮ ਕਰਨ ਦੇ ਆਪਣੇ ਮਿਸ਼ਨ ’ਤੇ ਡਟਿਆ ਹੋਇਆ ਹੈ।
ਇਹ ਸੰਗਠਨ ਦੋ ਤਰ੍ਹਾਂ ਨਾਲ ਭੋਜਨ ਸਹਾਇਤਾ ਲੋਕਾਂ ਤਕ ਪਹੁੰਚਾਉਂਦਾ ਹੈ। ਪਹਿਲਾਂ ਇਹ ਭੋਜਨ ਪਦਾਰਥਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਉਨ੍ਹਾਂ ਲਈ ਭੋਜਨ ਦੀ ਵਿਵਸਥਾ ਕਰਦਾ ਹੈ। ਦੂਜਾ ਨਕਦੀ ਨਾਲ ਲੋਕਾਂ ਦੀ ਮਦਦ ਕਰਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਖਾਣ ਪੀਣ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ।
2005 ਵਿੱਚ ਸ੍ਰੀਲੰਕਾ ਵਿੱਚ ਸੁਨਾਮੀ ਦੇ ਸਮੇਂ ਪਹਿਲੀ ਵਾਰ ਨਕਦੀ ਵੰਡਣੀ ਸ਼ੁਰੂ ਕੀਤੀ ਸੀ। 2019 ਵਿੱਚ ਵਿਸ਼ਵ ਖਾਧ ਪ੍ਰੋਗਰਾਮ ਨੇ 88 ਦੇਸ਼ਾਂ ਦੇ ਕਰੀਬ 10 ਕਰੋਡ਼ ਲੋਕਾਂ ਨੂੰ ਤਕਰੀਬਨ 42 ਲੱਖ ਮਟੀਰਿਕ ਟਨ ਭੋਜਨ ਅਤੇ 1.2 ਬਿਲੀਅਨ ਡਾਲਰ ਨਕਦ ਮਦਦ ਪ੍ਰਦਾਨ ਕੀਤੀ।
ਨੋਬਲ ਕਮੇਟੀ ਦੇ ਮੁਤਾਬਕ ਵਿਸ਼ਵ ਖਾਧ ਪ੍ਰੋਗਰਾਮ ਇਨ੍ਹਾਂ ਅਸਧਾਰਣ ਕਾਰਜਾਂ ਲਈ ਨੋਬਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕੋਈ ਲੁਕੀ ਹੋਈ ਗੱਲ ਨਹੀਂ ਹੈ ਕਿ ਕੋਰੋਨਾ ਕਾਲ ਵਿੱਚ ਦੁਨੀਆ ਭਰ ਵਿੱਚ ਭੁੱਖਮਰੀ ਤੋਂ ਪੀੜਤਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ।