ਵਾਸ਼ਿੰਗਟਨ: ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਵਿਚਕਾਰ ਬੁਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਦੇ ਮਿਜ਼ਾਈਲ ਹਮਲੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਰਾਸ਼ਟਰਪਤੀ ਰਹਿੰਦੇ ਹੋਏ ਈਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਿਲ ਨਹੀਂ ਕਰ ਪਾਵੇਗਾ।
ਰਾਸ਼ਟਰ ਨੂੰ ਸੰਬੋਧਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਈਰਾਨ ਦੇ ਅਸਥਿਰ ਰਾਸ਼ਟਰ ਦੇ ਦਿਨ ਖ਼ਤਮ ਹੋਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਈਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ ਇੱਕ ਵੀ ਅਮਰੀਕੀ ਦੀ ਮੌਤ ਨਹੀਂ ਹੋਈ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਦਾ ਹੁਣ ਪਤਨ ਹੋ ਰਿਹਾ ਹੈ, ਜੋ ਦੁਨੀਆਂ ਦੇ ਲਈ ਬਹੁਤ ਚੰਗਾ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਦੀ ਲਾਲਸਾ ਛੱਡਣੀ ਹੋਵੇਗੀ। ਈਰਾਨ ਨੂੰ ਅੱਤਵਾਦ ਦਾ ਸਮਰਥਨ ਛੱਡਣਾ ਪਏਗਾ। ਅਸੀਂ ਈਰਾਨ ਨਾਲ ਅਜਿਹਾ ਸਮਝੌਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਵਿਸ਼ਵ ਨੂੰ ਸ਼ਾਂਤੀ ਵੱਲ ਲੈ ਜਾ ਸਕੇ।
ਈਰਾਨ ਖਿਲਾਫ ਦੁਨੀਆਂ ਨੂੰ ਹੋਣਾ ਹੋਵੇਗਾ ਇੱਕਜੁਟ
ਟਰੰਪ ਨੇ ਕਿਹਾ ਕਿ ਈਰਾਨ ਇੱਕ ਵਧੀਆ ਦੇਸ਼ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮਿਡਲ ਈਸਟ ਵਿੱਚ ਸ਼ਾਂਤੀ ਅਤੇ ਸਥਿਰਤਾ ਉਦੋਂ ਤੱਕ ਸਥਾਪਤ ਨਹੀਂ ਹੋ ਸਕਦੀ ਜਦੋਂ ਤੱਕ ਈਰਾਨ ਵਿੱਚ ਹਿੰਸਾ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਦੁਨੀਆਂ ਨੂੰ ਇੱਕਜੁਟ ਹੋ ਕੇ ਈਰਾਨ ਦੇ ਖ਼ਿਲਾਫ਼ ਇਹ ਸੰਦੇਸ਼ ਜਾਰੀ ਕਰਨਾ ਚਾਹੀਦਾ ਹੈ ਕਿ ਈਰਾਨ ਵੱਲੋਂ ਚਲਾਈ ਜਾ ਰਹੀ ਅੱਤਵਾਦੀ ਮੁਹਿੰਮ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ।
ਦੁਨੀਆਂ ਨੂੰ ਨਰਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਈਰਾਨ
ਟਰੰਪ ਨੇ ਕਿਹਾ ਕਿ ਮਿਡਲ ਈਸਟ ਵਿੱਚ ਨਾਟੋ ਦੀ ਭੂਮਿਕਾ ਨੂੰ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜਨਰਲ ਕਾਸਿਮ ਪੂਰੀ ਦੁਨੀਆ ਵਿੱਚ ਘਰੇਲੂ ਯੁੱਧ ਦੀ ਸਥਿਤੀ ਪੈਦਾ ਕਰ ਰਿਹਾ ਸੀ। ਉਸ ਦੇ ਯਤਨਾਂ ਵਿੱਚ ਸਾਡੇ ਹਜ਼ਾਰਾਂ ਸਿਪਾਹੀ ਮਾਰੇ ਗਏ ਹਨ। ਈਰਾਨ ਸਾਡੀ ਮਦਦ ਕਰਨ ਦੀ ਬਜਾਏ ਅਮਰੀਕਾ ਦੀ ਮੌਤ ਦੀ ਮੰਗ ਕਰ ਰਿਹਾ ਸੀ। ਟਰੰਪ ਨੇ ਕਿਹਾ ਕਿ ਈਰਾਨ ਅੱਤਵਾਦ ਦੇ ਰਾਹ 'ਤੇ ਅੱਗੇ ਵਧਿਆ ਹੈ ਅਤੇ ਪ੍ਰਮਾਣੂ ਸਮਝੌਤੇ ਰਾਹੀਂ ਪੂਰੇ ਖੇਤਰ ਨੂੰ ਨਰਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਟਰੰਪ ਨੇ ਕਿਹਾ ਕਿ ਕਾਸੀਮ ਸੁਲੇਮਾਨੀ ਅੱਤਵਾਦੀ ਸੀ ਅਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਈਰਾਨੀ ਫ਼ੌਜ ਦਾ ਮੁਖੀ ਸੀ ਅਤੇ ਉਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਸੀ ਜੋ ਸਹੀ ਨਹੀਂ ਸਨ।
ਇਹ ਵੀ ਪੜੋ- ਇਰਾਕ 'ਚ ਅਮਰੀਕਾ ਦੇ ਫ਼ੌਜੀ ਟਿਕਾਣਿਆਂ 'ਤੇ ਮਿਜ਼ਾਈਲ ਹਮਲਾ, ਖਾਮਨੇਈ ਬੋਲੇ ਇਹ ਹਮਲਾ US ਦੇ ਮੂੰਹ 'ਤੇ ਥੱਪੜ