ਨਵੀਂ ਦਿੱਲੀ: ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਵਿਸ਼ਵ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1.39 ਕਰੋੜ ਨੂੰ ਪਾਰ ਕਰ ਗਈ ਹੈ। ਉਥੇ ਮ੍ਰਿਤਕਾਂ ਦਾ ਅੰਕੜਾ 5.93 ਲੱਖ ਨੂੰ ਪਾਰ ਕਰ ਗਿਆ ਹੈ।
ਅਮਰੀਕਾ ਅਤੇ ਬ੍ਰਾਜ਼ੀਲ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਅਮਰੀਕਾ ਵਿਚ ਇੱਕ ਦਿਨ ਵਿਚ 77,000 ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਅਤੇ 969 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਬ੍ਰਾਜ਼ੀਲ ਵਿਚ ਹਰ ਰੋਜ਼ 1000 ਤੋਂ ਵੱਧ ਮੌਤਾਂ ਹੋ ਰਹੀਆਂ ਹਨ ਜਿਨ੍ਹਾਂ ਲਈ ਤਾਬੂਤਾਂ ਦੀ ਵੀ ਘਾਟ ਹੋ ਗਈ ਹੈ।
ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 2,085 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 49 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਨਾਲ ਹੁਣ ਪਾਕਿਸਤਾਨ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 2,59,999 ਤੱਕ ਪਹੁੰਚ ਗਈ ਹੈ। ਮ੍ਰਿਤਕਾਂ ਦੀ ਗਿਣਤੀ 5,475 ਹੋ ਗਈ ਹੈ ਅਤੇ 1,895 ਕੋਰੋਨਾ ਪੀੜਤ ਅਜੇ ਵੀ ਗੰਭੀਰ ਹਾਲਤ ਵਿੱਚ ਹਨ।
ਭਾਰਤ ਵਿੱਚ ਵੀ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਭਾਰਤੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 34956 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਕੋਰੋਨਾ ਪੀੜਤਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰ 1,003,832 ਹੋ ਗਈ ਹੈ। ਇਸ ਦੇ ਨਾਲ ਹੀ 687 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵੀ 25602 ਤੱਕ ਪਹੁੰਚ ਗਈ ਹੈ।