ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਪਹਿਲਾਂ ਅਮਰੀਕੀ ਨਾਗਰਿਕਾਂ ਨੂੰ 100 ਦਿਨਾਂ ਲਈ ਮਾਸਕ ਪਹਿਨਣ ਦੀ ਅਪੀਲ ਕਰਨਗੇ।
ਨਵੇਂ ਚੁਣੇ ਗਏ ਰਾਸ਼ਟਰਪਤੀ ਦਾ ਇਹ ਕਦਮ ਕਮਾਲ ਦਾ ਮੰਨਿਆ ਜਾਂਦਾ ਹੈ ਕਿਉਂਕਿ ਡੋਨਾਲਡ ਟਰੰਪ ਨੇ ਕਦੇ ਵੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮਾਸਕ ਦੀ ਵਰਤੋਂ ਨੂੰ ਕਾਰਗਰ ਨਹੀਂ ਸਮਝਿਆ।
ਕਈ ਸਾਰੇ ਜਨਤਕ ਸਿਹਤ ਮਾਹਰ ਕਹਿੰਦੇ ਹਨ ਕਿ ਮਾਸਕ ਪਹਿਨਣਾ ਇਸ ਮਹਾਂਮਾਰੀ ਨੂੰ ਦੂਰ ਕਰਨ ਦਾ ਬੇਹੱਦ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਲਾਗ ਨੇ ਅਮਰੀਕਾ ਵਿੱਚ 2,75,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ।
ਬਾਇਡਨ ਮਾਸਕ ਪਹਿਨਣ ਦੇ ਸਮਰਥਕ ਰਹੇ ਹਨ ਅਤੇ ਉਨ੍ਹਾਂ ਨੇ ਦੇਸ਼ ਭਗਤੀ ਜ਼ਾਹਰ ਕਰਨ ਦਾ ਢੰਗ ਦੱਸਿਆ ਹੈ। ਬਾਇਡਨ ਨੇ ਚੋਣ ਮੁਹਿੰਮ ਦੌਰਾਨ ਵੀ ਇਸ ਦਾ ਜ਼ੋਰਦਾਰ ਸਮਰਥਨ ਕੀਤਾ।
ਸੀਐਨਐਨ ਦੇ ਜੈਕ ਟੇਪਰ ਨਾਲ ਗੱਲ ਕਰਦਿਆਂ ਬਾਇਡਨ ਨੇ ਕਿਹਾ ਕਿ ਉਹ ਅਮਰੀਕੀ ਲੋਕਾਂ ਨੂੰ 100 ਦਿਨਾਂ ਲਈ ਮਾਸਕ ਪਹਿਨਣ ਦੀ ਅਪੀਲ ਕਰਨਗੇ ਜਦੋਂ ਉਹ ਅਗਲੇ ਸਾਲ 20 ਜਨਵਰੀ ਨੂੰ ਅਹੁਦਾ ਸੰਭਾਲਣਗੇ।
ਉਨ੍ਹਾਂ ਕਿਹਾ, ‘ਅਹੁਦਾ ਸੰਭਾਲਣ ਦੇ ਪਹਿਲੇ ਦਿਨ, ਮੈਂ ਲੋਕਾਂ ਨੂੰ 100 ਦਿਨਾਂ ਲਈ ਮਾਸਕ ਪਹਿਨਣ ਦੀ ਅਪੀਲ ਕਰਾਂਗਾ। ਲਾਗ ਦੇ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ, ਮੈਨੂੰ ਲੱਗਦਾ ਹੈ ਕਿ ਇਸ 'ਤੇ ਜ਼ੋਰ ਦੇਣਾ ਜ਼ਰੂਰੀ ਹੈ।
ਬਾਇਡਨ ਨੇ ਕਿਹਾ ਕਿ ਉਹ ਆਪਣੇ ਪ੍ਰਸ਼ਾਸਨ ਵਿੱਚ ਡਾਕਟਰ ਫੋਸੀ ਨੂੰ ਵੀ ਅਹੂਦੇ 'ਤੇ ਰਹਿਣ ਲਈ ਵੀ ਕਹਿਣਗੇ। ਫੋਸੀ ਨੈਸ਼ਨਲ ਇੰਸਟੀਚਿਊਟਟ ਆਫ਼ ਐਲਰਜੀ ਅਤੇ ਇਨਫੈਕਸ਼ਿਅਸ ਡਿਜ਼ੀਜ਼ੀਜ਼ ਦੇ ਨਿਰਦੇਸ਼ਕ ਹਨ।