ਅਟਲਾਂਟਾ: ਅਮਰੀਕਾ ਦੇ ਦੱਖਣੀ-ਪੂਰਬੀ ਰਾਜ ਜਾਰਜੀਆ ਦੇ ਸ਼ਹਿਰ ਅਟਲਾਂਟਾ ਵਿੱਚ ਪੁਲਿਸ ਦੇ ਜੁਲਮ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੁਲਿਸ ਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਅਫਰੀਕੀ ਮੂਲ ਦੇ ਨਾਗਰਿਕ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਹੈ।
ਨਿਊਜ਼ ਏਜੰਸੀ ਅਨੁਸਾਰ, ਜਾਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਕਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ, ਲੋਕਾਂ ਨੇ ਸ਼ਿਕਾਇਤ ਕੀਤੀ ਕਿ ਰੇਸ਼ਰਡ ਬਰੂਕਸ ਨਾਂਅ ਦਾ ਵਿਅਕਤੀ ਰੈਸਟੋਰੈਂਟ ਨੇੜੇ ਫੁੱਟਪਾਥ ਤੇ ਖੜ੍ਹੀ ਕਾਰ ਵਿੱਚ ਸੌ ਰਿਹਾ ਸੀ।
ਜਾਂਚ ਏਜੰਸੀ ਦੇ ਮੁਤਾਬਕ, ਰੇਸ਼ਰਡ ਬਰੂਕਸ ਦੇ ਅਜਿਹਾ ਕਰਨ ਨਾਲ ਉੱਥੇ ਦੂਜੇ ਗਾਹਕਾਂ ਨੂੰ ਸਮੱਸਿਆ ਦਰਪੇਸ਼ ਆ ਰਹੀ ਸੀ ਜਿਸ ਕਾਰਨ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ। ਅਧਿਕਾਰੀ ਨੇ ਆ ਕੇ ਵੇਖਿਆ ਕਿ 27 ਸਾਲਾ ਰੇਸ਼ਰਡ ਬਰੂਕਸ ਨਸ਼ੇ ਦੀ ਹਾਲਤ ਵਿੱਚ ਸੁੱਤਾ ਪਿਆ ਸੀ।
ਜੌਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਇਸ ਮਾਮਲੇ ਬਾਰੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਰੂਕਸ ਨੇ ਅਧਿਕਾਰੀਆਂ ਨਾਲ ਸੰਘਰਸ਼ ਦੌਰਾਨ ਇੱਕ ਅਧਿਕਾਰੀ ਦੀ ਬੰਦੂਕ ਖੋਹ ਲਈ ਅਤੇ ਮੌਕੇ ਤੋਂ ਭੱਜਣਾ ਸ਼ੁਰੂ ਕਰ ਦਿੱਤਾ।
ਅਧਿਕਾਰੀਆਂ ਨੇ ਬਰੂਕਸ ਦਾ ਪੈਦਲ ਹੀ ਪਿੱਛਾ ਕੀਤਾ ਇਸ ਦੌਰਾਨ, ਬਰੂਕਸ ਨੇ ਬੰਦੂਕ ਉਸ ਅਧਿਕਾਰੀ ਵੱਲ ਸਿੱਧੀ ਕਰ ਦਿੱਤੀ ਜਿਸ ਤੋਂ ਬਾਅਦ ਅਧਿਕਾਰੀ ਨੇ ਬਚਾਅ ਲਈ ਬਰੂਕਸ 'ਤੇ ਫ਼ਾਇਰ ਕਰ ਦਿੱਤਾ।
ਅਟਲਾਂਟਾ ਦੇ ਮੇਅਰ ਕੇਸ਼ਾ ਲਾਂਸ ਬੌਟਮਜ਼ ਨੇ ਕਿਹਾ ਕਿ ਅਟਲਾਂਟਾ ਦੇ ਪੁਲਿਸ ਮੁਖੀ ਐਰਿਕਾ ਯਸ਼ੀਲਡਜ਼ ਅਸ਼ਵਸ ਬਰੂਕਸ ਦੀ ਮੌਤ ਤੋਂ ਬਾਅਦ ਅਹੁਦੇ ਤੋਂ ਅਸਤੀਫ਼ਾ ਦੇ ਗਏ। ਪਰ ਉਹ ਸ਼ਹਿਰ ਦੀ ਪੁਲਿਸ ਨਾਲ ਸੰਪਰਕ ਵਿੱਚ ਰਹਿਣਗੇ।
ਜ਼ਿਕਰ ਕਰ ਦਈਏ ਕਿ ਇਹ ਗੱਲ ਉਦੋਂ ਸਾਹਮਣੇ ਆਈ ਹੈ ਜਦੋਂ ਇੱਕ ਹੋਰ ਅਫਰੀਕੀ ਮੂਲ ਦੇ ਵਿਅਕਤੀ ਜੌਰਜ ਫਲਾਈਡ ਦੀ ਪੁਲਿਸ ਹਿਰਾਸਤ ਵਿਚ ਮੌਤ ਕਾਰਨ ਅਮਰੀਕਾ ਦੇ ਮਿਨੀਆਪੋਲਿਸ ਵਿਚ ਵਿਆਪਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।