ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਦੂਜੇ ਦੇਸ਼ਾਂ ਨੂੰ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਸਕਦਾ ਹੈ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਵੈਕਸੀਨ ਤਿਆਰ ਹੋਣ ਤੋਂ ਬਾਅਦ ਅਸੀਂ ਇਸ ਨੂੰ ਦੂਜੇ ਦੇਸ਼ਾਂ ਨੂੰ ਵੀ ਸਪਲਾਈ ਕਰ ਸਕਦੇ ਹਾਂ।
ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਉਹ ਟੀਕਾ ਸਾਡੇ ਕੋਲ ਆਵੇਗਾ ਤਾਂ ਅਸੀਂ ਦੂਜੇ ਦੇਸ਼ਾਂ ਦੀ ਵੀ ਮਦਦ ਕਰਾਂਗੇ। ਇਹ ਇੱਕ ਬਹੁਤ ਤੇਜ਼ ਪ੍ਰਕਿਰਿਆ ਹੋਵੇਗੀ ਅਤੇ ਸ਼ਾਇਦ ਅਸੀਂ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਬਹੁਤ ਵੈਕਸੀਨ ਦੀ ਸਪਲਾਈ ਕਰਾਂਗੇ, ਜਿਵੇਂ ਅਸੀਂ ਵੈਂਟੀਲੇਟਰਾਂ ਅਤੇ ਹੋਰ ਚੀਜ਼ਾਂ ਨਾਲ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਟੀਚਾ ਹੈ ਕਿ ਇਸ ਸਾਲ ਦੇ ਅੰਤ ਜਾਂ 2021 ਦੀ ਸ਼ੁਰੂਆਤ 'ਚ ਲੋਕਾਂ ਨੂੰ ਵੈਕਸੀਨ ਉਪਲੱਬਧ ਕਰਵਾਉਣੀ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐਨਆਈਐਚ) ਨੇ ਕਿਹਾ ਕਿ ਅਮਰੀਕੀ ਵਿਗਿਆਨੀਆਂ ਨੇ ਬਾਇਓਟੈਕਨਾਲੌਜੀ ਕੰਪਨੀ ਮਾਡਰਨ ਵੱਲੋਂ ਵਿਕਸਤ ਇੱਕ ਸੰਭਾਵਿਤ ਟੀਕੇ ਦੇ ਤੀਜੇ ਪੜਾਅ ਦੇ ਟਰਾਇਲ ਦੀ ਸ਼ੁਰੂਆਤ ਕਰ ਦਿੱਤੀ ਹੈ।
ਐਨਆਈਐਚ ਦੀ ਯੋਜਨਾ ਲੱਗਭਗ 30,000 ਵਾਲੰਟੀਅਰਾਂ ਦੇ ਸਹਿਯੋਗ ਨਾਲ ਕਈ ਅਮਰੀਕੀ ਕਲੀਨਿਕਲ ਰਿਸਰਚ ਸਾਈਟਸ 'ਤੇ ਟੈਸਟਿੰਗ ਕਰਨ ਦੀ ਹੈ, ਜੋ ਕੋਰੋਨਾ ਤੋਂ ਸੰਕਰਮਿਤ ਨਹੀਂ ਹਨ।
ਜੋਨਜ਼ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਮੰਗਲਵਾਰ ਦੁਪਹਿਰ ਤੱਕ ਸੰਯੁਕਤ ਰਾਜ ਵਿੱਚ 4.3 ਮਿਲੀਅਨ ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ, ਜਦੋਂਕੀ 149,000 ਤੋਂ ਵੱਧ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।