ਨਵੀਂ ਦਿੱਲੀ: ਚੀਨ ਵਿੱਚ ਦਸੰਬਰ ਤੋਂ ਫੈਲਿਆ ਕੋਰੋਨਾ ਵਾਇਰਸ ਹੁਣ ਤੱਕ 205 ਦੇਸ਼ਾਂ ਤੱਕ ਪਹੁੰਚ ਗਿਆ ਹੈ। ਦੁਨੀਆ ਭਰ ਵਿੱਚ 938,373 ਤੋਂ ਵੱਧ ਲੋਕ ਕੋਰੋਨਾ ਨਾਲ ਪੀੜਤ ਹਨ ਅਤੇ 47,273 ਲੋਕਾਂ ਦੀ ਵਾਇਰਸ ਦੀ ਲਾਗ ਕਾਰਨ ਮੌਤ ਹੋ ਗਈ ਹੈ। ਅਮਰੀਕਾ ਸਭ ਤੋਂ ਵੱਧ ਕੋਰੋਨਾ ਦੀ ਮਾਰ ਝੱਲ ਰਿਹਾ ਹੈ।
ਅਮਰੀਕਾ ਵਿੱਚ 216,722 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਹਾਲ ਹੀ ਵਿੱਚ ਅਮਰੀਕਾ ਵਿੱਚ ਇੱਕ ਛੇ ਹਫ਼ਤਿਆਂ ਦੀ ਬੱਚੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲੀ ਇਹ ਸਭ ਤੋਂ ਛੋਟੀ ਉਮਰ ਦੀ ਮਰੀਜ਼ ਹੈ।
ਕਨੈਕਟਿਕਟ ਸੂਬੇ ਦੇ ਰਾਜਪਾਲ ਨੇਡ ਲੈਮੰਟ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਇਸ ਵਾਇਰਸ ਤੋਂ ਸੁਰੱਖਿਅਤ ਨਹੀਂ ਹੈ। ਸੂਬੇ ਵਿੱਚ 3,557 ਵਿਅਕਤੀ ਇਸ ਵਾਇਰਸ ਨਾਲ ਪੀੜਤ ਹਨ ਅਤੇ 85 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਹਸਪਤਾਲਾਂ ਵਿਚ ਲਗਭਗ 766 ਮਰੀਜ਼ ਦਾਖਲ ਹਨ।