ਚੰਡੀਗੜ੍ਹ: ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਦੇ ਪ੍ਰਸ਼ੰਸਕਾਂ ਲਈ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਤੁਹਾਨੂੰ ਦੱਸ ਦਈਏ ਕਿ ਗਾਇਕ ਦਲੇਰ ਮਹਿੰਦੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪਟਿਆਲਾ ਦੀ ਇੱਕ ਅਦਾਲਤ ਨੇ 2003 ਦੇ ਇਮੀਗ੍ਰੇਸ਼ਨ ਧੋਖਾਧੜੀ ਦੇ ਇੱਕ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਕੁਝ ਮਿੰਟਾਂ ਬਾਅਦ ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਪੁਲਿਸ ਨੇ ਤੁਰੰਤ ਹਿਰਾਸਤ ਵਿੱਚ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਮਾਮਲਾ 2003 ਦਾ ਹੈ ਅਤੇ ਕੇਸ ਦਾ ਫੈਸਲਾ 15 ਸਾਲ ਬਾਅਦ ਹੋਇਆ ਹੈ, ਦਲੇਰ ਮਹਿੰਦੀ ਨੂੰ ਪਹਿਲਾਂ ਦੀ ਮਨੁੱਖੀ ਤਸਕਰੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ, ਉਸ ਦੇ ਭਰਾ ਸਮਸ਼ੇਰ ਸਿੰਘ ਨੂੰ ਵੀ ਦੋ ਸਾਲ ਦਾ ਸਜ਼ਾ ਸੁਣਾਈ ਗਈ ਹੈ, ਨਾਲ ਹੀ ਉਸ ਨੂੰ ਜ਼ੁਰਮਾਨਾ ਵੀ ਲਾਇਆ ਗਿਆ ਹੈ। ਦੱਸਦਈਏ ਕਿ ਇਹ ਕੇਸ 2003 ਵਿੱਚ ਅਮਰੀਕਾ ਵਿੱਚ ਦਰਜ ਕੀਤਾ ਗਿਆ ਸੀ।
ਧਿਆਨਯੋਗ ਹੈ ਕਿ 2018 ਵਿੱਚ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ ਦੋਵਾਂ ਭਰਾਵਾਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਸੈਸ਼ਨ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਵਧੀਕ ਸੈਸ਼ਨ ਜੱਜ ਐੱਚ.ਐੱਸ.ਗਰੇਵਾਲ ਦੀ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਪੂਰਾ ਮਾਮਲਾ: ਸੂਤਰਾਂ ਅਨੁਸਾਰ ਪੰਜਾਬੀ ਗਾਇਕ ਦਲੇਰ ਮਹਿੰਦੀ ਸ਼ੋਅ ਲਈ ਵਿਦੇਸ਼ ਜਾਂਦੇ ਰਹਿੰਦੇ ਸਨ। ਉਸ 'ਤੇ 1998-99 'ਚ ਸ਼ੋਅ ਲਈ ਜਾਂਦੇ ਸਮੇਂ 10 ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਜਾਣ ਦਾ ਦੋਸ਼ ਹੈ। ਗਾਇਕ ਨੇ ਲੋਕਾਂ ਨੂੰ ਆਪਣੀ ਟੀਮ ਦਾ ਹਿੱਸਾ ਦੱਸਿਆ ਅਤੇ ਵਿਦੇਸ਼ ਲੈ ਕੇ ਗਏ। ਗਾਇਕ ਨੇ ਉਨ੍ਹਾਂ ਤੋਂ ਵਿਦੇਸ਼ ਲਿਜਾਣ ਦੇ ਬਦਲੇ ਕਾਫ਼ੀ ਪੈਸੇ ਵੀ ਲਏ। ਇਸ ਤੋਂ ਬਾਅਦ 19 ਸਤੰਬਰ 2003 ਨੂੰ ਦਲੇਰ ਦੇ ਭਰਾ ਸ਼ਮਸ਼ੇਰ ਖਿਲਾਫ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਇਸ ਵਿੱਚ ਦਲੇਰ ਦਾ ਨਾਮ ਵੀ ਲਿਆ।
ਹੁਣ ਗਾਇਕ ਦਲੇਰ ਮਹਿੰਦੀ ਨੂੰ 15 ਸਾਲ ਪੁਰਾਣੇ ਕਬੂਤਰਬਾਜ਼ੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਪਟਿਆਲਾ ਕੋਰਟ ਵਿੱਚ ਹੋਈ। ਪਟਿਆਲਾ ਕੋਰਟ ਨੇ 2 ਸਾਲ ਦੀ ਸਜ਼ਾ ਬਰਕਰਾਰ ਰੱਖੀ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਕੁਝ ਸਮੇਂ ਬਾਅਦ ਸਜ਼ਾ ਸੁਣਾਈ।
ਕੌਣ ਹੈ ਦਲੇਰ ਮਹਿੰਦੀ: ਬਿਹਾਰ ਦੇ ਰਹਿਣ ਵਾਲੇ ਦਲੇਰ ਦਾ ਜਨਮ 18 ਅਗਸਤ 1967 ਨੂੰ ਪਟਨਾ 'ਚ ਹੋਇਆ ਸੀ। ਦਲੇਰ ਮਹਿੰਦੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਰਾਜ ਪੱਧਰੀ ਪਹਿਲਵਾਨ ਰਹਿ ਚੁੱਕੀ ਦਲੇਰ ਮਹਿੰਦੀ ਦੀ ਮਾਂ ਦਾ ਨਾਂ ਬਲਬੀਰ ਕੌਰ ਹੈ। ਦਲੇਰ ਮਹਿੰਦੀ ਦੇ ਪਿਤਾ ਅਜਮੇਰ ਸਿੰਘ ਚੰਦਨ ਵੀ ਬਹੁਤ ਚੰਗੇ ਗਾਇਕ ਰਹੇ ਹਨ। ਕੁੱਲ ਮਿਲਾ ਕੇ ਉਸ ਦੇ ਪੰਜ ਭਰਾ ਹਨ, ਜਿਨ੍ਹਾਂ ਵਿੱਚ ਸ਼ਮਸ਼ੇਰ ਮਹਿੰਦੀ ਵੀ ਸ਼ਾਮਲ ਹੈ ਜੋ ਉਸ ਤੋਂ ਵੱਡਾ ਹੈ। ਭਾਰਤ ਵਿੱਚ ਸੰਗੀਤ ਦੀ ਦੁਨੀਆ ਵਿੱਚ ਧਮਾਲ ਮਚਾਉਣ ਵਾਲੇ ਮੀਕਾ ਸਿੰਘ ਵੀ ਉਨ੍ਹਾਂ ਦੇ ਛੋਟੇ ਭਰਾ ਹਨ।
ਇਹ ਵੀ ਪੜ੍ਹੋ:Good Luck Jerry Trailer OUT: ਜਾਹਨਵੀ ਕਪੂਰ ਦੀ ਫਿਲਮ 'ਗੁੱਡ ਲੱਕ ਜੈਰੀ' ਦਾ ਟ੍ਰੇਲਰ ਰਿਲੀਜ਼, ਨਵੀਂ ਭੂਮਿਕਾ 'ਚ ਜਾਹਨਵੀ