ਮੁੰਬਈ (ਬਿਊਰੋ): ਬਾਲੀਵੁੱਡ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿਸ ਮੁਤਾਬਕ ਸਾਲ 2001 'ਚ ਆਈ ਬਾਲੀਵੁੱਡ ਫਿਲਮ 'ਚੋਰੀ ਚੋਰੀ, ਚੁਪਕੇ ਚੁਪਕੇ' ਦੇ ਨਿਰਮਾਤਾ ਨਾਜ਼ਿਮ ਹਸਨ ਰਿਜ਼ਵੀ ਦਾ ਦਿਹਾਂਤ ਹੋ ਗਿਆ ਹੈ। ਮਸ਼ਹੂਰ ਫਿਲਮ ਨਿਰਮਾਤਾ ਦਾ ਮੁੰਬਈ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। ਫਿਲਮ ਇੰਡਸਟਰੀ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਕਰੀਬੀ ਸਹਿਯੋਗੀ ਨੇ ਦੱਸਿਆ ਕਿ ਨਾਜ਼ਿਮ ਹਸਨ ਰਿਜ਼ਵੀ ਨੂੰ ਕੁਝ ਬੀਮਾਰੀਆਂ ਕਾਰਨ ਅੰਧੇਰੀ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ (ਕੇਡੀਏਐਚ) 'ਚ ਭਰਤੀ ਕਰਵਾਇਆ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਰਿਜ਼ਵੀ ਨੇ ਇਲਾਜ ਦੌਰਾਨ ਸੋਮਵਾਰ ਦੇਰ ਰਾਤ ਆਖਰੀ ਸਾਹ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਸਥਾਨ ਉੱਤਰ ਪ੍ਰਦੇਸ਼ ਵਿਖੇ ਹੋਵੇਗਾ। ਜਿਸ ਲਈ ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਸਥਾਨ 'ਤੇ ਲਿਜਾਇਆ ਜਾ ਰਿਹਾ ਹੈ। ਰਿਜ਼ਵੀ ਨੇ ਮਜਬੂਰ ਲਾਡਕੀ (1991), ਐਮਰਜੈਂਸੀ (1993), ਅੰਗਰਵਾੜੀ (1998), ਅੰਡਰਟ੍ਰਾਇਲ (2007), ਚੋਰੀ-ਚੋਰੀ, ਚੁਪਕੇ-ਚੁਪਕੇ (2001), ਹੈਲੋ, ਹਮ ਲੱਲਨ ਬੋਲ ਰਹੇ ਹਨ (2010) ਸਮੇਤ ਕਈ ਸ਼ਾਨਦਾਰ ਫਿਲਮਾਂ ਬਣਾਈਆਂ।
ਦੱਸ ਦੇਈਏ ਕਿ ਨਾਜ਼ਿਮ ਹਸਨ ਰਿਜ਼ਵੀ ਦੀ ਫਿਲਮ 'ਚੋਰੀ ਚੋਰੀ ਚੁਪਕੇ ਚੁਪਕੇ' ਸਾਲ 2001 'ਚ ਰਿਲੀਜ਼ ਹੋਈ ਸੀ। ਫਿਲਮ 'ਚ ਸਲਮਾਨ ਖਾਨ, ਪ੍ਰਿਟੀ ਜ਼ਿੰਟਾ ਅਤੇ ਰਾਣੀ ਮੁਖਰਜੀ ਅਹਿਮ ਭੂਮਿਕਾਵਾਂ 'ਚ ਸਨ। ਇਸ ਦੇ ਨਾਲ ਹੀ ਫਿਲਮ 'ਚ ਸ਼ਾਹਰੁਖ ਖਾਨ ਵੀ ਮਹਿਮਾਨ ਭੂਮਿਕਾ 'ਚ ਨਜ਼ਰ ਆਏ ਸਨ। ਪ੍ਰੇਮ ਤਿਕੋਣ 'ਤੇ ਆਧਾਰਿਤ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਅਤੇ ਫਿਲਮ ਬਾਕਸ ਆਫਿਸ 'ਤੇ ਸਫਲ ਰਹੀ। ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਲ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ:- Rakhi Sawant: ਰਾਖੀ ਸਾਵੰਤ ਦੀ ਸੌਂਕਣ ਦੀਆਂ ਤਸਵੀਰਾਂ ਵਾਇਰਲ, 'ਡਰਾਮਾ ਕੁਈਨ’ ਦੇ ਪਤੀ ਦਾ ਦੇਖੋ ਕਾਰਾ !