ਚੰਡੀਗੜ੍ਹ: ਹਰ ਫਿਲਮ ਵਿੱਚ ਹਰ ਕਲਾਕਾਰ ਦਾ ਆਪਣਾ ਮਹੱਤਵ ਹੁੰਦਾ ਹੈ। ਅੱਜਕੱਲ੍ਹ ਸੀਮਾ ਕੌਸ਼ਲ ਲਗਭਗ ਹਰ ਪੰਜਾਬੀ ਫ਼ਿਲਮ ਵਿੱਚ ਇੱਕ ਚਰਿੱਤਰ ਕਲਾਕਾਰ ਵਜੋਂ ਨਜ਼ਰ ਆਉਂਦੀ ਹੈ। ਸੀਮਾ ਨੇ ਆਪਣੀ ਅਦਾਕਾਰੀ ਨਾਲ ਨਾ ਸਿਰਫ਼ ਪੰਜਾਬੀ ਫ਼ਿਲਮਾਂ ਬਲਕਿ ਬਾਲੀਵੁੱਡ 'ਚ ਵੀ ਆਪਣੀ ਪ੍ਰਤਿਭਾ ਨੂੰ ਦਰਸ਼ਕਾਂ ਸਾਹਮਣੇ ਲਿਆਂਦਾ ਹੈ। ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਕਰ ਚੁੱਕੀ ਸੀਮਾ ਕੌਸ਼ਲ ਦੀ ਇੰਨੀਂ ਦਿਨੀਂ ਇੱਕ ਲਘੂ ਫਿਲਮ ਵਿੱਚ ਆਉਣ ਲਈ ਤਿਆਰ ਹੈ। ਇਸ ਫਿਲਮ ਦਾ ਨਾਂ ਹੈ 'ਤਿਆਗ'।
ਜੀ ਹਾਂ...ਪੰਜਾਬੀ ਸਿਨੇਮਾਂ ਦੀ ਮਸ਼ਹੂਰ ਅਦਾਕਾਰਾ ਵਜੋਂ ਦਿਨ-ਬ-ਦਿਨ ਪ੍ਰਸ਼ੰਸਾ, ਸਰਾਹਣਾ ਅਤੇ ਸਫ਼ਲਤਾ ਹਾਸਿਲ ਕਰ ਰਹੀ ਅਦਾਕਾਰਾ ਸੀਮਾ ਕੌਸ਼ਲ ਦੀ ਨਵੀਂ ਲਘੂ ਫ਼ਿਲਮ ‘ਤਿਆਗ’ ਦਾ ਪਹਿਲਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਜਲਦ ‘ਸਭਕੁਜ਼’ ਵੈਬ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ।
‘ਸਭਕੁਜ਼ ਪ੍ਰੋਡੋਕਸ਼ਨਜ਼’ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਪੀ.ਟੀ.ਸੀ ਪੰਜਾਬੀ ਬੌਕਸ ਆਫ਼ਿਸ ਲਈ ਕਈ ਪ੍ਰਭਾਵੀ ਫ਼ਿਲਮਾਂ ਬਣਾ ਚੁੱਕੇ ਸਰਵਜੀਤ ਖ਼ੇੜਾ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਮਾਤਾਵਾਂ ਵਿਚ ਹਰਪਵਨਵੀਰ ਸਿੰਘ ਅਤੇ ਹਰਮਨਵੀਰ ਸਿੰਘ ਸ਼ਾਮਿਲ ਹਨ।
ਨਿਰਮਾਣ ਟੀਮ ਅਨੁਸਾਰ ਫ਼ਿਲਮ ਦੀ ਕਹਾਣੀ ਇਕ ਅਜਿਹੀ ਮਾਂ ਦੁਆਲੇ ਕੇਂਦਰਿਤ ਹੈ, ਜੋ ਆਪਣੇ ਬੇਟੇ ਪ੍ਰਤੀ ਆਪਣੇ ਮੋਹ ਦੇ ਚਲਦਿਆਂ ਆਪਣੀ ਜਾਨ ਅਤੇ ਸਮਾਜਿਕ ਵਜ਼ੂਦ ਮੁਸ਼ਕਲ ਵਿਚ ਪਾ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ’ਚ ਪਾਲੀ ਸੰਧੂ, ਮਨਪ੍ਰੀਤ ਮਨ, ਬਿੰਦੂ ਭੁੱਲਰ, ਸਤਵੰਤ ਸਿੰਘ, ਪ੍ਰੀਤ ਸਿੰਘ, ਹਰਵਿੰਦਰ ਹੈਰੀ ਵੀ ਮਹੱਤਵਪੂਰਨ ਕਿਰਦਾਰਾਂ ’ਚ ਨਜ਼ਰੀ ਆਉਣਗੇ।
ਫ਼ਿਲਮ ਦੇ ਲੇਖ਼ਕ ਮੋਂਟੂ ਬਸੀ, ਗੀਤਕਾਰ ਲਵ ਮਾਂਡਵੀ, ਬੈਕਗਰਾਊਂਡ ਮਿਊਜ਼ਿਕ ਅਤੇ ਪਿੱਠ ਵਰਤੀ ਗਾਇਕ ਹਨ, ਸਿਨੇਮਾਟੋਗ੍ਰਾਫ਼ਰ ਅਤੇ ਐਡੀਟਰ ਦੀਆਂ ਜਿੰਮੇਵਾਰੀਆਂ ਜਸਪ੍ਰੀਤ ਸਿੰਘ ਨੇ ਨਿਭਾਈਆਂ ਹਨ। ਜਦਕਿ ਸਹਾਇਕ ਨਿਰਦੇਸ਼ਕ ਹੈਰੀ ਖਾਲਸਾ, ਮੈਕਅੱਪ ਆਰਟਿਸਟ ਮਨਪ੍ਰੀਤ ਮੇਕਓਵਰ ਆਦਿ ਹਨ। ਚੰਡੀਗੜ੍ਹ ਦੇ ਆਸ ਪਾਸ ਇਲਾਕਿਆਂ ’ਚ ਮੁਕੰਮਲ ਕੀਤੀ ਗਈ ਇਸ ਲਘੂ ਫ਼ਿਲਮ ਦਾ ਟ੍ਰੇਲਰ ਵੀ ਅਗਲੇ ਦਿਨ੍ਹਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।
ਉਕਤ ਫ਼ਿਲਮ ਨੂੰ ਲੈ ਕੇ ਅਦਾਕਾਰਾ ਸੀਮਾ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਹਾਲੀਆਂ ਸਮੇਂ ਨਿਭਾਏ ਗਏ ਕਿਰਦਾਰਾਂ ਨਾਲੋਂ ਇਸ ਲਘੂ ਫ਼ਿਲਮ ਵਿਚਲਾ ਰੋਲ ਇਕਦਮ ਵੱਖਰਾ ਅਤੇ ਵਿਲੱਖਣਤਾ ਨਾਲ ਭਰਿਆ ਹੋਇਆ ਹੈ, ਜਿਸ ਨੂੰ ਨਿਭਾਉਣਾ ਉਨ੍ਹਾਂ ਲਈ ਕਾਫ਼ੀ ਚੁਣੋਤੀਪੂਰਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਣ ਵਾਲੀ ਗੱਲ ਹੈ ਕਿ ਇਹ ਲਘੂ ਫ਼ਿਲਮ ਦੇਸ਼, ਵਿਦੇਸ਼ ਦੇ ਫ਼ਿਲਮ ਪੁਰਸਕਾਰ ਸਮਾਰੋਹਾਂ ਵਿਚ ਵੀ ਆਪਣੀ ਮੌਜੂਦਗੀ ਦਰਜ ਕਰਵਾਉਣ ਜਾ ਰਹੀ ਹੈ।
ਸੀਮਾ ਕੌਸ਼ਲ: ਅਦਾਕਾਰ ਹਮੇਸ਼ਾ ਹੀ ਆਪਣੀ ਅਦਾਕਾਰੀ ਦੀ ਸ਼ੁਰੂਆਤ ਬਾਰੇ ਕਹਿੰਦੀ ਹੈ ਕਿ 'ਮੈਨੂੰ ਖੁਦ ਵੀ ਨਹੀਂ ਪਤਾ ਸੀ ਕਿ ਮੈਂ ਐਕਟਿੰਗ ਕਰ ਸਕਦੀ ਹਾਂ। ਕਾਲਜ ਵਿਚ ਹਰ ਸਮਾਗਮ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਮੇਰਾ ਸ਼ੌਕ ਸੀ, ਜਿਸ ਨੂੰ ਮੈਂ ਵਿਆਹ ਤੋਂ ਬਾਅਦ ਭੁੱਲ ਗਈ। ਪਰ 1988 ਵਿਚ ਜਦੋਂ ਮੇਰੇ ਪਤੀ ਰਾਕੇਸ਼ ਕੌਸ਼ਲ, ਜੋ ਹੁਣ ਜ਼ਿਲ੍ਹਾ ਖੇਡ ਅਫ਼ਸਰ ਸਨ, ਦੀ ਬਦਲੀ ਜਲੰਧਰ ਹੋ ਗਈ ਤਾਂ ਉਨ੍ਹਾਂ ਨੇ ਰੇਡੀਓ 'ਤੇ ਕੁਝ ਪ੍ਰੋਗਰਾਮ ਦੇਣੇ ਸ਼ੁਰੂ ਕਰ ਦਿੱਤੇ। ਇੱਥੇ ਹੀ ਉਹ ਇੱਕ ਡਰਾਮਾ ਕਲਾਕਾਰ ਬਣ ਗਈ ਅਤੇ ਪੁਨੀਤ ਸਹਿਗਲ ਉਨ੍ਹਾਂ ਦਿਨਾਂ ਵਿੱਚ ਰੇਡੀਓ 'ਤੇ ਸੀ ਅਤੇ ਰੇਡੀਓ 'ਤੇ ਉਨ੍ਹਾਂ ਨਾਲ ਕਈ ਨਾਵਲ ਪੇਸ਼ ਕੀਤੇ। ਉਸ ਨੂੰ ਮੇਰੀ ਪ੍ਰਤਿਭਾ ਦਾ ਅਹਿਸਾਸ ਹੋਇਆ ਅਤੇ ਜਦੋਂ ਉਸ ਦਾ ਤਬਾਦਲਾ ਦੂਰਦਰਸ਼ਨ ਵਿੱਚ ਹੋਇਆ ਤਾਂ ਉੱਥੇ ਵੀ ਉਸ ਨੇ ਮੈਨੂੰ ਉਤਸ਼ਾਹਿਤ ਕੀਤਾ।'