ਚੰਡੀਗੜ੍ਹ: ਬਾਲੀਵੁੱਡ ਸਟਾਰ ਸੰਨੀ ਦਿਓਲ ਜੋ ਹਾਲ ਹੀ ਵਿਚ ਆਪਣੇ ਬੇਟੇ ਕਰਨ ਦਿਓਲ ਦੇ ਵਿਆਹ ਤੋਂ ਵਿਹਲੇ ਹੋਏ ਹਨ, ਪਰਿਵਾਰ ਅਤੇ ਕਰੀਬੀ ਦੋਸਤਾਂ ਸਮੇਤ ਕੁੱਲੂ ਮਨਾਲੀ ਪੁੱਜੇ ਹੋਏ ਹਨ, ਜੋ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦਾ ਆਨੰਦ ਉਠਾਉਣ ਦੇ ਨਾਲ ਨਾਲ ਰਿਲੀਜ਼ ਹੋਣ ਜਾ ਰਹੀ ਆਪਣੀ ਬਹੁਚਰਚਿਤ ਅਤੇ ਆਗਾਮੀ ਫਿਲਮ 'ਗਦਰ 2' ਦੇ ਪ੍ਰਮੋਸ਼ਨ ਦੀਆਂ ਤਿਆਰੀਆਂ ਨੂੰ ਆਖ਼ਰੀ ਛੋਹਾਂ ਦੇਣਗੇ।
ਦੇਵ ਨਗਰੀ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਖੇ ਅਕਸਰ ਜਿਆਦਾਤਰ ਸਮਾਂ ਬਿਤਾਉਣਾ ਪਸੰਦ ਕਰਦੇ ਐਕਸ਼ਨ ਮੈਨ ਸੰਨੀ ਦਿਓਲ ਦੇ ਇਸ ਦੌਰੇ ਦੌਰਾਨ ਉਨਾਂ ਦੇ ਛੋਟੇ ਬੇਟੇ ਰਾਜਵੀਰ ਦਿਓਲ ਵੀ ਸ਼ਾਮਿਲ ਹਨ, ਜਦਕਿ ਕਰਨ ਦਿਓਲ ਅਤੇ ਉਨਾਂ ਦੀ ਨਵਵਿਆਹੁਤਾ ਪਤਨੀ ਦ੍ਰੀਸ਼ਾ ਅਚਾਰੀਆਂ ਵੀ ਪਿਛਲੇ ਕਾਫ਼ੀ ਦਿਨ੍ਹਾਂ ਤੋਂ ਇੱਥੇ ਹੀ ਮੌਜੂਦ ਹਨ। ਇੱਥੇ ਇਹ ਵੀ ਉਲੇਖ਼ਯੋਗ ਹੈ ਕਿ ਦਿਓਲ ਫੈਮਿਲੀ ਦਾ ਹਰ ਮੈਂਬਰ ਚਾਹੇ ਉਹ ਧਰਮਿੰਦਰ ਹੋਣ, ਬੌਬੀ ਦਿਓਲ ਜਾਂ ਫਿਰ ਸੰਨੀ ਅਤੇ ਉਨਾਂ ਦੇ ਦੋਵੇਂ ਪੁੱਤਰ ਹਿਮਾਚਲ ਪ੍ਰਦੇਸ਼ ਦੇ ਮਨਾਲੀ ਨਾਲ ਕਾਫ਼ੀ ਲਗਾਵ ਰੱਖਦੇ ਹਨ, ਜਿਸ ਅਧੀਨ ਧਰਮਿੰਦਰ ਵੱਲੋਂ ਜਿੱਥੇ ਆਪਣੀਆਂ ਕਈ ਵੱਡੀਆਂ ਫਿਲਮਾਂ ਦੀ ਸ਼ੂਟਿੰਗ ਇੱਥੇ ਸੰਪੂਰਨ ਕੀਤੀ ਗਈ ਹੈ, ਉਥੇ ਬੌਬੀ ਦਿਓਲ ਦੀ ਪਹਿਲੀ ਫਿਲਮ ਬਰਸਾਤ ਅਤੇ ਕਰਨ ਦਿਓਲ ਦੀ ਪਲੇਠੀ ਫਿਲਮ ‘ਪਲ ਪਲ ਦਿਲ ਕੇ ਪਾਸ’ ਵੀ ਇੱਥੇ ਹੀ ਮੁਕੰਮਲ ਕੀਤੀ ਗਈ ਹੈ।
ਦਿਓਲ ਪਰਿਵਾਰ ਦੀ ਮਨਾਲੀ ਹਿੱਸੇ ਨਾਲ ਨੇੜਤਾ ਅਤੇ ਪਸੰਦ ਦਾ ਅੰਦਾਜ਼ਾਂ ਇਸ ਗੱਲੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਨਾਂ ਦਾ ਇੱਥੇ ਆਪਣੇ ਨਿੱਜੀ ਕਾਟੇਜ਼ ਵੀ ਹੈ, ਜੋ ਬਿਆਸ ਦਰਿਆ ਦੇ ਬਿਲਕੁਲ ਨਾਲ ਲੱਗਦੇ ਬਹੁਤ ਹੀ ਦਿਲਕਸ਼ ਪਹਾੜ੍ਹੀ ਹਿੱਸੇ ਵਿਚ ਸਥਿਤ ਹੈ, ਇਥੇ ਹੀ ਇਹ ਪਰਿਵਾਰ ਸਾਲ ਦਾ ਜਿਆਦਾਤਰ ਸਮਾਂ ਬਿਤਾਉਂਦਾ ਵੇਖਿਆ ਜਾ ਸਕਦਾ ਹੈ।
ਓਧਰ ਜੇਕਰ ਸੰਨੀ ਦਿਓਲ ਦੇ ਬਾਲੀਵੁੱਡ ਵਰਕ ਫਰੰਟ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਅੱਜਕੱਲ ਉਹ ਆਪਣੀ ਰਿਲੀਜ਼ ਹੋਣ ਜਾ ਰਹੀ 'ਗਦਰ 2' ਦੀ ਰਿਲੀਜ਼ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਇਸ ਫਿਲਮ ਦੁਆਰਾ ਇਕ ਵਾਰ ਫਿਰ ਹਿੰਦੀ ਸਿਨੇਮਾ ਸਕਰੀਨ 'ਤੇ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ।
ਮਾਇਆਨਗਰੀ ਦੇ ਉਚਕੋਟੀ ਅਤੇ ਮੰਝੇ ਹੋਏ ਸਫ਼ਲ ਨਿਰਦੇਸ਼ਕਾਂ ’ਚ ਸ਼ੁਮਾਰ ਕਰਵਾਉਂਦੇ ਅਨਿਲ ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਦੇ ਪ੍ਰਮੋਸ਼ਨ ਦੀਆਂ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ 'ਤੇ ਜਾਰੀ ਹਨ, ਜਿਸ ਨੂੰ ਬਿਹਤਰ ਤੋਂ ਬਿਹਤਰ ਰੂਪ ਦੇਣ ਲਈ ਸੰਨੀ ਦਿਓਲ ਨਾਲ ਉਨਾਂ ਦੀ ਕ੍ਰਿਏਟਿਵ ਟੀਮ ਵੀ ਮਨਾਲੀ ਵਿਖੇ ਹੀ ਮੌਜੂਦ ਹੈ, ਜਿੰਨ੍ਹਾਂ ਨਾਲ ਸੰਨੀ ਲਗਾਤਾਰ ਉਕਤ ਫਿਲਮ ਨੂੰ ਲੈ ਕੇ ਵਿਚਾਰ ਚਰਚਾ ਵੀ ਕਰ ਰਹੇ ਹਨ।
ਇਸ ਫਿਲਮ ਤੋਂ ਇਲਾਵਾ ਸੰਨੀ ਅੱਜਕੱਲ ਜੀ ਸਟੂਡਿਓਜ਼ ਵੱਲੋਂ ਨਿਰਮਿਤ ਕੀਤੀ ਜਾ ਰਹੀ ਅਤੇ ਅਹਿਮਦ ਖ਼ਾਨ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਆਪਣੀ ਇਕ ਹੋਰ ਨਵੀਂ ਅਤੇ ਮਲਟੀਸਟਾਰਰ ਫਿਲਮ ‘ਬਾਪ’ ਨੂੰ ਲੈ ਕੇ ਵੀ ਕਾਫ਼ੀ ਚਰਚਾ ਵਿਚ ਹਨ, ਜਿਸ ਵਿਚ ਉਨਾਂ ਨਾਲ ਮਿਥੁਨ ਚੱਕਰਵਰਤੀ, ਸੰਜੇ ਦੱਤ, ਜੈਕੀ ਸਰਾਫ਼ ਆਦਿ ਅਜਿਹੇ ਦਿੱਗਜ ਐਕਟਰ ਵੀ ਸ਼ਾਮਿਲ ਹਨ, ਜਿੰਨ੍ਹਾਂ ਨਾਲ ਸੰਨੀ ਦੀ ਸਿਨੇਮਾ ਕੈਮਿਸਟਰੀ ਕਾਫ਼ੀ ਸ਼ਾਨਦਾਰ ਅਤੇ ਸਫ਼ਲ ਰਹੀ ਹੈ।