ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿਚ ਵੱਖਰੀ ਪਹਿਚਾਣ ਰੱਖਦੇ ਗਾਇਕ-ਗੀਤਕਾਰ ਬਲਵੀਰ ਬੋਪਾਰਾਏ ਹੁਣ ਅਦਾਕਾਰ ਵਜੋਂ ਵੀ ਨਵੀਆਂ ਪੈੜ੍ਹਾਂ ਸਿਰਜਣ ਵੱਲ ਅੱਗੇ ਵੱਧ ਰਹੇ ਹਨ, ਜੋ ਆਉਣ ਵਾਲੀ ਪੰਜਾਬੀ ਫ਼ਿਲਮ ‘ਬੇਬੇ ਤੇਰਾ ਪੁੱਤ ਲਾਡਲਾ’ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।
‘ਸ਼ਾਲੀਮਾਰ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਜਸਪ੍ਰੀਤ ਮਾਨ ਅਤੇ ਕਹਾਣੀ ਲੇਖਨ ਬੱਬਰ ਗਿੱਲ ਕਰ ਰਹੇ ਹਨ, ਜਦਕਿ ਸਟਾਰਕਾਸਟ ’ਚ ਹਰਜੀਤ ਵਾਲੀਆਂ, ਨੀਟੂ ਪੰਧੇਰ, ਗੁਰਚੇਤ ਚਿੱਤਰਕਾਰ, ਚਾਹਲ ਜੋਤ, ਸਨਮ ਬਰੀਰ ਆਦਿ ਸ਼ਾਮਿਲ ਹਨ।
ਹਾਲ ਹੀ, ਵਿਚ ਆਏ ਆਪਣੇ ਗੀਤਾਂ ‘ਟੁੱਟ ਪੈਣਾ’, ‘ਲੋਅ ਰਾਈਡਰ’, ‘ਫ਼ਰਜ਼ੰਦ’, ‘ਕਿੱਥੇ ਕਿੱਥੇ ਆਦਿ ਨਾਲ ਸੰਗੀਤ ਪ੍ਰੇਮੀਆਂ ਦਾ ਮਨ ਜਿੱਤ ਲੈਣ ਵਿਚ ਸਫ਼ਲ ਰਹੇ ਗਾਇਕ, ਗੀਤਕਾਰ ਬੋਪਾਰਾਏ ਦੇ ਹੁਣ ਤੱਕ ਦੇ ਗਾਇਕੀ ਕਰੀਅਰ ਵੱਲ ਨਜ਼ਰ ਮਾਰੀਏ ਜਾਵੇ ਤਾਂ ‘ਦੇ ਦੇ ਗੇੜ੍ਹਾ’ ਗੀਤ ਉਨ੍ਹਾਂ ਦੇ ਕਰੀਅਰ ਲਈ ਮਾਇਲ ਸਟੋਨ ਵਾਂਗ ਰਿਹਾ ਹੈ, ਜੋ ਅੱਜ ਵੀ ਵਿਆਹਾਂ, ਮੇਲਿਆਂ ਅਤੇ ਪੰਜਾਬੀ ਸਮਾਰੋਹਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ।
ਗਾਇਕ ਬੋਪਰਾਏ ਅਨੁਸਾਰ ਉਨ੍ਹਾਂ ਦੀ ਅਦਾਕਾਰ ਦੇ ਤੌਰ 'ਤੇ ਕੀਤੀ ਜਾ ਰਹੀ ਉਕਤ ਫ਼ਿਲਮ ਇਕ ਬਹੁਤ ਹੀ ਦਿਲਟੁੰਬਵੀਂ ਅਤੇ ਪਰਿਵਾਰਿਕ ਕਹਾਣੀ ਦੁਆਲੇ ਕੇਂਦਰਿਤ ਹੈ, ਜਿਸ ਵਿਚ ਉਨ੍ਹਾਂ ਨੂੰ ਆਪਣੇ ਅਸਲ ਜੀਵਨ ਨਾਲ ਮੇਲ ਖਾਂਦਾ ਠੇਠ ਪੇਂਡੂ ਕਿਰਦਾਰ ਨਿਭਾਉਣ ਦਾ ਅਵਸਰ ਮਿਲਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਗਾਇਕੀ ਉਨ੍ਹਾਂ ਦੀ ਪਹਿਲੀ ਪਸੰਦ ਸੀ ਅਤੇ ਰਹੇਗੀ, ਪਰ ਜਦ ਵੀ ਕਿਸੇ ਚੰਗੀ ਅਤੇ ਮਿਆਰੀ ਸਬਜੈੱਕਟ ਅਧਾਰਿਤ ਕੋਈ ਪੰਜਾਬੀ ਫ਼ਿਲਮ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲੇਗਾ ਤਾਂ ਉਹ ਜਰੂਰ ਕਰਨਾ ਪਸੰਦ ਕਰਦੇ ਰਹਿਣਗੇ। ਉਨ੍ਹਾਂ ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਵੀ ਦੱਸਿਆ ਕਿ ਜਲਦ ਹੀ ਉਨ੍ਹਾਂ ਦੇ ਅਗਲੇ ਗੀਤ ਮਾਰਕੀਟ ਵਿਚ ਜਾਰੀ ਕੀਤੇ ਜਾਣਗੇ, ਜਿੰਨ੍ਹਾਂ ਵਿਚ ਸਾਡੇ ਅਸਲ ਪੁਰਾਤਨ ਰੀਤੀ ਰਿਵਾਜਾਂ ਦੇ ਰੰਗ ਫ਼ਿਰ ਸੁਣਨ ਅਤੇ ਵੇਖਣ ਨੂੰ ਮਿਲਣਗੇ।
ਤੁਹਾਨੂੰ ਦੱਸ ਦਈਏ ਕਿ ਗਾਇਕ ਨੂੰ ਅਸਲ ਪਛਾਣ 'ਦੇ ਦੇ ਗੇੜਾ' ਤੋਂ ਮਿਲੀ ਸੀ, ਬਲਵੀਰ ਪਹਿਲਾਂ ਪੰਜਾਬੀ ਕਹਾਣੀਆਂ ਲਿਖਦਾ ਸੀ। ਫਿਰ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਭਾਵੇਂ ਪਹਿਲੀ ਐਲਬਮ ‘ਵਿਛੋੜੇ’ ਨੂੰ ਕੋਈ ਖਾਸ ਪਛਾਣ ਨਹੀਂ ਮਿਲੀ ਪਰ ਦੂਜੀ ਐਲਬਮ ‘ਹੋਸਟਲ’ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲਿਆ। ਗਾਇਕ ਦਾ 'ਦੇ ਦੇ ਗੇੜਾ' ਗੀਤ ਹੀ ਹੈ, ਜਿਸ ਨੂੰ ਅਸਲੀ ਪਛਾਣ ਮਿਲੀ। ਬੋਪਾਰਾਏ ਨੇ ਦਿਲਜੀਤ ਦੁਸਾਂਝ ਨੂੰ ਕਈ ਗੀਤ ਦਿੱਤੇ ਹਨ, ਜਿਵੇਂ ਕਿ 'ਪੱਗਾਂ', 'ਹਾਏ ਨੀ ਤੇਰੇ ਹੈਪੀ ਬਰਥਡੇ ਤੇ' ਅਤੇ ਮੁੰਡਿਆਂ ਨੂੰ ਮਾਰੇ ਤੇਰੀ ਸੋਹਣੀਏ ਸਮਾਈਲ ਨੀ'।