ਚੰਡੀਗੜ੍ਹ: ਪੰਜਾਬੀ ਗਾਇਕੀ ਨੂੰ ਨਿਵੇਕਲੇ ਅਤੇ ਪ੍ਰਭਾਵੀ ਰੰਗ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਹਰਿੰਦਰ ਸੰਧੂ, ਜੋ ਆਪਣੇ ਨਵੇਂ ਰਿਲੀਜ਼ ਗਾਣੇ 'ਥਾਰ' ਨਾਲ ਇੰਨੀਂ ਦਿਨੀਂ ਫਿਰ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੇ ਹਨ। ਮੂਲ ਰੂਪ ਵਿੱਚ ਮਾਲਵਾ ਦੇ ਰਜਵਾੜਾਸ਼ਾਹੀ ਸ਼ਹਿਰ ਫ਼ਰੀਦਕੋਟ ਨਾਲ ਸੰਬੰਧਿਤ ਹਨ ਇਹ ਬਾਕਮਾਲ ਫਨਕਾਰ, ਜਿੰਨਾਂ ਦਾ ਜਨਮ ਇੱਕ ਸਾਧਾਰਨ ਜਿੰਮੀਦਾਰ ਅਤੇ ਕਿਸਾਨ ਪਰਿਵਾਰ ਵਿੱਚ ਹੋਇਆ, ਜਿੱਥੋਂ ਮਿਲੀ ਆਪਣੀਆਂ ਅਸਲ ਜੜਾਂ ਨਾਲ ਜੁੜੇ ਰਹਿਣ ਦੀ ਗੁੜਤੀ ਉਨਾਂ ਦੇ ਬੇਸ਼ੁਮਾਰ ਗਾਣਿਆਂ ਵਿੱਚ ਆਪਣੀ ਝਲਕ ਵਿਖਾਉਂਦੀ ਆ ਰਹੀ ਹੈ, ਜਿੰਨਾਂ ਦੁਆਰਾ ਮਾਨਸਿਕ, ਆਰਥਿਕ ਪੱਖੋ ਕੱਖੋਂ ਹੋਲਾ ਹੋ ਰਹੀਆਂ ਕਿਸਾਨੀ ਅਤੇ ਸਮਾਜਿਕ ਪਰ-ਸਥਿਤੀਆਂ ਦੇ ਦਰਦ ਨੂੰ ਉਹ ਲਗਾਤਾਰ ਅਤੇ ਮੋਹਰੀ ਹੋ ਕੇ ਬਿਆਨ ਕਰਦੇ ਆ ਰਹੇ ਹਨ।

ਦੇਸ਼-ਵਿਦੇਸ਼ ਵਿੱਚ ਆਪਣੀ ਉਮਦਾ ਅਤੇ ਮਿਆਰੀ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਇਸ ਅਜ਼ੀਮ ਗਾਇਕ ਨੇ ਦੋਗਾਣਾ ਗਾਇਕੀ ਵਿੱਚ ਵੀ ਪਿਛਲੇ ਲੰਮੇਂ ਸਮੇਂ ਤੋਂ ਆਪਣੀ ਧਾਂਕ ਕਾਇਮ ਰੱਖੀ ਹੋਈ ਹੈ, ਜਿੰਨਾਂ ਦੀ ਮੌਜੂਦਾ ਸਮੇਂ ਬੀਬਾ ਅਮਨ ਧਾਲੀਵਾਲ ਨਾਲ ਬਣੀ ਸੰਗੀਤਕ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜੋ ਪੰਜਾਬ ਦੇ ਨਾਮੀ ਮੇਲਿਆਂ ਅਤੇ ਅਖਾੜਿਆਂ ਦਾ ਸ਼ਿੰਗਾਰ ਬਣਦੀ ਆ ਰਹੀ ਹੈ।
- Sartaj Shows On New Year: ਨਵੇਂ ਸਾਲ 'ਤੇ ਵੱਖ-ਵੱਖ ਸੰਗੀਤਕ ਸਮਾਰੋਹਾਂ ਦਾ ਹਿੱਸਾ ਬਣਨਗੇ ਗਾਇਕ ਸਤਿੰਦਰ ਸਰਤਾਜ
- ਗਾਇਕੀ ਤੋਂ ਬਾਅਦ ਹੁਣ ਲੇਖਕ ਦੇ ਤੌਰ 'ਤੇ ਨਵੇਂ ਆਗਾਜ਼ ਵੱਲ ਵਧੇ ਹਰਿੰਦਰ ਸੰਧੂ, ਲਘੂ ਫਿਲਮ ‘ਸ਼ੋਸ਼ਲ ਮੀਡੀਆ’ ਕਰਨਗੇ ਦਰਸ਼ਕਾਂ ਦੇ ਸਨਮੁੱਖ
- Harinder Sandhu New Song Thar: ਗਾਇਕ ਹਰਿੰਦਰ ਸੰਧੂ ਦੀ ਸੰਗੀਤਕ ਤਾਂਘ ਹੋਈ ਪੂਰੀ, ਚਰਨਜੀਤ ਆਹੂਜਾ ਨੇ ਦਿੱਤਾ ਇਸ ਨਵੇਂ ਗਾਣੇ ਨੂੰ ਸੰਗੀਤ
ਬਤੌਰ ਅਧਿਆਪਕ ਵੀ ਲੰਮੇਰਾ ਸਮਾਂ ਵਿਦਿਆਰਥੀਆਂ ਨੂੰ ਯੋਗ ਮਾਰਗ ਦਰਸ਼ਨ ਦੇ ਚੁੱਕੇ ਇਸ ਉਮਦਾ ਗਾਇਕ ਦੇ ਗਾਇਕੀ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਦਾ ਜੋ ਪਹਿਲਾਂ ਗਾਣਾ ਸੰਗੀਤਕ ਸਫਾਂ ਦਾ ਸ਼ਿੰਗਾਰ ਬਣਿਆ, ਉਹ ਸੀ 1986 ਵਿੱਚ ਰਿਲੀਜ਼ ਹੋਇਆ, 'ਤੇਰੀ ਸਾਦਗੀ', ਜਿਸ ਨੂੰ ਪ੍ਰਿੰਸੀਪਲ ਮੇਹਰ ਸਿੰਘ ਵੱਲੋਂ ਲਿਖਿਆ ਗਿਆ ਸੀ।
ਪਰ, ਉਨਾਂ ਦੀ ਇਸ ਖਿੱਤੇ ਵਿੱਚ ਸਥਾਪਤੀ ਦਾ ਜਿਸ ਗਾਣੇ ਨੇ ਮਜ਼ਬੂਤ ਮੁੱਢ ਬੰਨਿਆਂ, ਉਹ ਸੀ 'ਆਪਣੇ ਬੇਗਾਨਿਆਂ ਦਾ ਉਦੋਂ ਪਤਾ ਲੱਗਦਾ'...ਜੋ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫਲ ਰਿਹਾ, ਜਿਸ ਨੇ ਉਨਾਂ ਦੀ ਪਛਾਣ ਨੂੰ ਪੂਰੀ ਦੁਨੀਆਂ ਵਿੱਚ ਹੋਰ ਵਿਸ਼ਾਲਤਾ ਦੇਣ ਵਿੱਚ ਵੀ ਖੂਬ ਯੋਗਦਾਨ ਪਾਇਆ।
ਉਸ ਤੋਂ ਬਾਅਦ ਹੁਣ ਤੱਕ ਆਈਆਂ 10 ਦੇ ਕਰੀਬ ਟੇਪਾਂ ਅਤੇ 250 ਦੇ ਕਰੀਬ ਸਿੰਗਲ ਟਰੈਕ, ਦੋਗਾਣੇ ਅਤੇ ਲੋਕ ਤੱਥ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ-ਸਨੇਹ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ। ਪੰਜਾਬੀ ਮਿਊਜ਼ਿਕ ਦੇ ਖੇਤਰ ਵਿੱਚ ਕੁਝ ਹੋਰ ਚੰਗੇਰਾ ਕਰਨ ਲਈ ਯਤਨਸ਼ੀਲ ਇਸ ਮਾਣਮੱਤੇ ਗਾਇਕ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੁਰਾਤਨ ਪੰਜਾਬ ਦੇ ਅਸਲ ਰੰਗਾਂ ਦੀਆਂ ਬਾਤਾਂ ਪਾਉਂਦੇ ਕੁਝ ਹੋਰ ਗਾਣੇ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨਗੇ।