ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਬਾਅਦ ਇਹ ਪਹਿਲੀ ਵਾਰ ਸੀ, ਜਦੋਂ ਪੰਜਾਬੀ ਜਗਤ ਵਿੱਚ ਦੁਬਾਰਾ ਰੌਣਕ ਆਈ ਸੀ, ਪਰ ਕੁੱਝ ਹਾਦਸਿਆਂ ਨੇ ਲੋਕਾਂ ਨੂੰ ਰੋਣ ਲਈ ਮਜ਼ਬੂਰ ਕਰ ਦਿੱਤਾ। ਅਦਾਕਾਰ ਦੀਪ ਸਿੱਧੂ ਸੜਕ ਹਾਦਸੇ ਦੀ ਭੇਂਟ ਚੜ ਗਏ ਅਤੇ ਸਿੱਧੂ ਮੂਸੇਵਾਲਾ ਦਾ ਕਤਲ...ਦੋਨਾਂ ਹਾਦਸਿਆਂ ਨੇ ਦੇਸ਼ ਵਿਦੇਸ਼ ਦੇ ਪ੍ਰਸ਼ੰਸ਼ਕਾਂ ਨੂੰ ਤੋੜ ਕੇ ਰੱਖ ਦਿੱਤਾ। ਜਿਵੇਂ ਕਿ ਹੁਣ ਸਾਲ ਆਪਣੇ ਅੰਤ ਵੱਲ ਵੱਧ ਰਿਹਾ ਹੈ ਤਾਂ ਅਸੀਂ ਇਥੇ ਤੁਹਾਡੇ ਲਈ ਉਹਨਾਂ ਸਿਤਾਰਿਆਂ ਦੀ ਜਾਣਕਾਰੀ ਲੈ ਕੇ ਆਏ ਹਾਂ, ਜਿਹਨਾਂ ਨੇ ਇਸ ਸਾਲ ਸਾਨੂੰ ਅਲਵਿਦਾ ਕਿਹਾ...।

ਦੀਪ ਸਿੱਧੂ: 15 ਫਰਵਰੀ 2022 ਨੂੰ ਦੀਪ ਸਿੱਧੂ ਆਪਣੀ ਮਹਿਲਾ ਦੋਸਤ ਰੀਨਾ ਰਾਏ ਨਾਲ ਦਿੱਲੀ ਤੋਂ ਪੰਜਾਬ ਜਾ ਰਹੇ ਸੀ। ਅਚਾਨਕ ਉਨ੍ਹਾਂ ਦੀ ਸਕਾਰਪੀਓ ਗੱਡੀ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸਕਾਰਪੀਓ ਦਾ ਅਗਲਾ ਹਿੱਸਾ ਟਰੱਕ ਦੇ ਅੰਦਰ ਜਾ ਵੜਿਆ। ਇਸ ਹਾਦਸੇ ਵਿੱਚ ਅਦਾਕਾਰ ਦੀ ਦਰਦਨਾਕ ਮੌਤ ਹੋ ਗਈ। ਇਸ ਖਬਰ ਨੇ ਪੂਰੇ ਪੰਜਾਬੀ ਜਗਤ ਨੂੰ ਸੋਗ ਵਿੱਚ ਸੁੱਟ ਦਿੱਤਾ। ਦੱਸ ਦਈਏ ਕਿ ਅਦਾਕਾਰ ਦੀ ਉਮਰ ਸਿਰਫ਼ 38 ਸਾਲ ਸੀ। ਦੀਪ ਸਿੱਧੂ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਧਰਮਿੰਦਰ ਪ੍ਰੋਡਕਸ਼ਨ ਦੁਆਰਾ ਬਣਾਈ ਪੰਜਾਬੀ ਫਿਲਮ "ਰਮਤਾ ਜੋਗੀ" ਨਾਲ ਕੀਤੀ ਸੀ। 2017 ਵਿੱਚ ਉਹ 'ਜੋਰਾ 10 ਨੰਬਰੀਆ' ਲੈ ਕੇ ਆਇਆ ਅਤੇ ਜੋ ਇੱਕ ਬਲਾਕਬਸਟਰ ਫਿਲਮ ਸੀ ਅਤੇ ਬਾਅਦ ਵਿੱਚ 'ਰੰਗ ਪੰਜਾਬ', 'ਸਾਡੇ ਆਲੇ' ਅਤੇ ਜੋਰਾ-ਦੂਜਾ ਚੈਪਟਰ ਸੀ।

ਸਿੱਧੂ ਮੂਸੇਵਾਲਾ: 29 ਮਈ 2022 ਦੀ ਦਰਦਨਾਕ ਸ਼ਾਮ ਨੇ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੱਤੀ ਸੀ, 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ ਅਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ। ਸਿੱਧੂ ਮੂਸੇਵਾਲਾ ਆਪਣੀ ਗਾਇਕੀ ਦੇ ਵੱਖਰੇ ਅੰਦਾਜ਼ ਕਾਰਨ ਪੂਰੇ ਦੁਨੀਆ ਵਿੱਚ ਮਸ਼ਹੂਰ ਹੋਇਆ ਸੀ। ਜਿੱਥੇ ਸਿੱਧੂ ਦੀਆਂ ਥੋੜ੍ਹੇ ਸਮੇਂ ਵਿੱਚ ਮਸ਼ਹੂਰ ਹੋਣ ਦੀਆਂ ਗੱਲਾਂ ਚੱਲਦੀਆਂ ਸਨ ਤਾਂ ਨਾਲ ਹੀ ਉਨ੍ਹਾਂ ਨਾਲ ਜੁੜੇ ਵਿਵਾਦਾਂ ਦੀ ਚਰਚਾ ਵੀ ਅਕਸਰ ਹੁੰਦੀ ਸੀ।

ਬਲਵਿੰਦਰ ਸਫਰੀ: 26 ਜੁਲਾਈ 2022 ਨੂੰ 90 ਵੇਂ ਦਹਾਕੇ ਦੇ ਇੰਗਲੈਂਡ ਵਿੱਚ ਰਹਿੰਦੇ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦੇਹਾਂਤ ਹੋ ਗਿਆ ਸੀ, ਬਲਵਿੰਦਰ ਸਫ਼ਰੀ ਨੂੰ 'ਸਫ਼ਰੀ ਬੁਆਏਜ਼' ਵੀ ਕਿਹਾ ਜਾਂਦਾ ਸੀ, ਜਦੋਂ ਗਾਇਕ ਦਾ ਨਾਂ ਲੈਂਦੇ ਹਾਂ ਤਾਂ ਮਨ ਵਿੱਚ ਕਈ ਗੀਤ ਗੰਜੂਣ ਲੱਗ ਜਾਂਦੇ ਹਨ, ਜਿਵੇਂ 'ਰਾਹੇ ਰਾਹੇ ਜਾਣ ਵਾਲੀਏ', 'ਪੁੱਤ ਸਰਦਾਰਾਂ ਦੇ', 'ਦਿਲ ਉਤੇ ਆਲ੍ਹਣਾ ਪਾਇਆ'। ਗਾਇਕ ਨੇ ਆਖਰੀ ਸਾਹ ਇੰਗਲੈਂਡ ਵਿੱਚ ਲਿਆ।

ਦਲਜੀਤ ਕੌਰ: 17 ਨਵੰਬਰ 2022 ਨੂੰ ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ ਸੀ। ਦਲਜੀਤ ਕੌਰ ਨੇ ਕਦੇ ਪੰਜਾਬੀ ਫਿਲਮ ਇੰਡਸਟਰੀ 'ਤੇ ਰਾਜ ਕੀਤਾ ਸੀ। ਉਸਨੇ ਬਹੁਤ ਸਾਰੀਆਂ ਹਿੱਟ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ। 69 ਸਾਲਾਂ ਦਲਜੀਤ ਕੌਰ ਲੰਬੇ ਸਮੇਂ ਤੋਂ ਬਿਮਾਰ ਸਨ। ਦਲਜੀਤ ਕੌਰ ਨੇ 10 ਤੋਂ ਵੱਧ ਹਿੰਦੀ ਅਤੇ 70 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਅਦਾਕਾਰਾ ਨੇ ਸੁਪਰਹਿੱਟ ਪੰਜਾਬੀ ਫਿਲਮਾਂ 'ਪੁੱਤ ਜੱਟਾਂ ਦੇ', 'ਮਾਮਲਾ ਗੜਬੜ ਹੈ', 'ਕੀ ਬਣੂੰ ਦੁਨੀਆਂ ਦਾ', 'ਸਰਪੰਚ' ਅਤੇ 'ਪਟੋਲਾ' ਵਿੱਚ ਹੀਰੋਇਨ ਦੀ ਮੁੱਖ ਭੂਮਿਕਾ ਨਿਭਾਈ। ਆਪਣੇ ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਉਸਨੇ ਫਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। 2001 ਵਿੱਚ ਉਸਨੇ ਫਿਲਮੀ ਦੁਨੀਆਂ ਵਿੱਚ ਦੁਬਾਰਾ ਪ੍ਰਵੇਸ਼ ਕੀਤਾ ਅਤੇ ਆਪਣੀ ਉਮਰ ਦੇ ਅਨੁਸਾਰ ਮਾਂ ਅਤੇ ਹੋਰ ਭੂਮਿਕਾਵਾਂ ਵਿੱਚ ਨਜ਼ਰ ਆਈ। ਉਸਨੇ ਪੰਜਾਬੀ ਫਿਲਮ 'ਸਿੰਘ ਬਨਾਮ ਕੌਰ' ਵਿੱਚ ਗਿੱਪੀ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।
ਇਹ ਵੀ ਪੜ੍ਹੋ:ਵੈੱਬ ਸੀਰੀਜ਼ 'ਸੇਵਕ ਦਿ ਕਨਫੈਸ਼ਨ' ਉਤੇ ਭੜਕੀ ਦੀਪ ਸਿੱਧੂ ਦੀ ਦੋਸਤ ਰੀਨਾ ਰਾਏ, ਸਾਂਝੀ ਕੀਤੀ ਪੋਸਟ