ਚੰਡੀਗੜ੍ਹ: ਲੇਖਕ ਅਤੇ ਨਿਰਦੇਸ਼ਕ ਸਿਮਰਨ ਸਿੰਘ ਵੱਲੋਂ ਨਿਰਦੇਸ਼ਿਤ ਅਤੇ ਹਰਚੰਦ ਸਿੰਘ ਸਿਆਟਲ ਦੁਆਰਾ ਨਿਰਮਿਤ ਕੀਤੀ ਗਈ 'ਪਿੰਡ ਅਮਰੀਕਾ' ਅਗਲੇ ਦਿਨ੍ਹੀਂ ਦੇਸ਼-ਵਿਦੇਸ਼ ਵਿਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਹੈ, ਜਿਸ ਦੇ ਪ੍ਰੋਡੋਕਸ਼ਨ ਕਾਰਜ ਇੰਨ੍ਹੀਂ ਦਿਨ੍ਹੀਂ ਤੇਜ਼ੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ।
![Film Pind America](https://etvbharatimages.akamaized.net/etvbharat/prod-images/pb-fdk-10034-02-new-punjabi-film-pind-america-is-ready-for-release_09032023113853_0903f_1678342133_961.jpg)
ਕੈਨੇਡਾ ਅਤੇ ਲੰਦਨ ਵਿਖੇ ਫ਼ਿਲਮਾਈ ਗਈ ਇਸ ਫ਼ਿਲਮ ਦੀ ਸਟਾਰ ਕਾਸਟ ਵਿਚ ਗਾਇਕਾ ਅਦਾਕਾਰਾ ਅਮਰ ਨੀਰੂ, ਕਮਲਜੀਤ ਨੀਰੂ ਤੋਂ ਇਲਾਵਾ ਬੀ.ਐਸ ਰੱਖੜ੍ਹਾ, ਅਸ਼ੋਕ ਟਾਂਗਰੀ, ਪ੍ਰੀਤੋ ਸਾਹਨੀ ਆਦਿ ਸ਼ਾਮਿਲ ਹਨ। ਉਕਤ ਫ਼ਿਲਮ ਦਾ ਸੰਗੀਤ ਪੰਜਾਬੀ ਮਿਊਜ਼ਿਕ ਖੇਤਰ ਵਿਚ ਚੋਖਾ ਨਾਮਣਾ ਖੱਟ ਰਹੇ ਨੌਜਵਾਨ ਸੰਗੀਤਕਾਰ ਅਮਦਾਦ ਅਲੀ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਗੀਤਾਂ ਨੂੰ ਪਿੱਠ ਵਰਤੀ ਗਾਇਕਾਂ ਵਜੋਂ ਆਵਾਜ਼ ਫ਼ਿਰੋਜ਼ ਖ਼ਾਨ, ਅਮਰ ਨੂਰੀ, ਰਵੀ ਥਿੰਦ, ਸਾਰੰਗ ਸਿਕੰਦਰ ਵੱਲੋਂ ਦਿੱਤੀ ਗਈ ਹੈ, ਫ਼ਿਲਮ ਦੀ ਫੋਟੋਗ੍ਰਾਫ਼ੀ ਜੈ.ਸੀ ਧਨੋਆ ਦੀ ਹੈ। ਪ੍ਰੋਡੋਕਸ਼ਨ ਹੈੱਡ ਜਯੋਤੀ ਮਾਨ ਹਨ।
![Film Pind America](https://etvbharatimages.akamaized.net/etvbharat/prod-images/pb-fdk-10034-02-new-punjabi-film-pind-america-is-ready-for-release_09032023113853_0903f_1678342133_453.jpg)
ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀ ਇਸ ਫ਼ਿਲਮ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਫ਼ਿਲਮ ਨਿਰਮਾਣ ਟੀਮ ਨੇ ਦੱਸਿਆ ਕਿ ਫ਼ਿਲਮ ਦੁਆਰਾ ਆਪਣੀਆਂ ਅਸਲ ਜੜ੍ਹਾਂ ਅਤੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਦੁਬਾਰਾ ਆਪਣੇ ਅਸਲ ਵਿਰਸੇ ਅਤੇ ਕਦਰਾਂ-ਕੀਮਤਾਂ ਨਾਲ ਜੋੜਨ ਦਾ ਪ੍ਰਭਾਵੀ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਕਹਾਣੀ ਦਾ ਧੁਰਾ ਪੂਰੀ ਤਰ੍ਹਾਂ ਪਰਿਵਾਰਿਕ ਰੱਖਿਆ ਗਿਆ ਅਤੇ ਇਸ ਦੇ ਗੀਤ, ਸੰਗੀਤ ਪੱਖ ਵੀ ਪੁਰਾਤਨ ਰੀਤੀ ਰਿਵਾਜਾਂ ਦੀ ਨਜ਼ਰਸਾਨੀ ਕਰਨਗੇ। ਉਕਤ ਫ਼ਿਲਮ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਚੰਡੀਗੜ੍ਹ ਦੇ ਸਿਮਰਨ ਪ੍ਰੋਡੋਕਸ਼ਨ ਡਬਿੰਗ ਸਟੂਡਿਓਜ਼ ਵਿਚ ਮੁਕੰਮਲ ਕੀਤੇ ਜਾ ਰਹੇ ਹਨ, ਜਿਸ ਉਪਰੰਤ ਫ਼ਿਲਮ ਦੀ ਰਿਲੀਜ਼ ਮਿਤੀ ਆਦਿ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ।
ਫ਼ਿਲਮ ਦੇ ਹੋਰਨਾਂ ਅਹਿਮ ਪੱਖਾਂ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦੁਆਰਾ ਮੰਨੇ ਪ੍ਰਮੰਨੇ ਅਦਾਕਾਰ ਅਸ਼ੌਕ ਟਾਗਰੀ ਵੀ ਲੰਮੇਂ ਸਮੇਂ ਬਾਅਦ ਆਪਣਾ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ, ਜੋ ਇਸ ਤੋਂ ਪਹਿਲਾ ਪੰਜਾਬੀ ਸਿਨੇਮਾ ਲਈ ਬਣੀਆਂ 'ਸਾਂਝੀ ਦੀਵਾਰ', 'ਯਾਰ ਗਰੀਬਾਂ ਦਾ', 'ਬਦਲਾ ਜੱਟੀ ਦਾ' ਜਿਹੀਆਂ ਬਹੁਤ ਸਾਰੀਆਂ ਮਿਆਰੀ ਅਤੇ ਚਰਚਿਤ ਪੰਜਾਬੀ ਫ਼ਿਲਮਾਂ ਵਿਚ ਆਪਣੇ ਸ਼ਾਨਦਾਰ ਅਭਿਨੈ ਦਾ ਮੁਜ਼ਾਹਰਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਨੂੰ ਨਿਵੇਕਲਾ ਬਣਾਉਣ ਲਈ ਪੂਰੀ ਟੀਮ ਵੱਲੋਂ ਕਾਫ਼ੀ ਤਰੱਦਦ ਕੀਤੇ ਗਏ ਹਨ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਫ਼ਿਲਮ ਦੇਸ਼, ਵਿਦੇਸ਼ ਦੇ ਨੌਜਵਾਨਾਂ ਨੂੰ ਆਪਣੇ ਅਸਲ ਸੱਭਿਆਚਾਰ ਸਰਮਾਏ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਵੇਗੀ।