ਚੰਡੀਗੜ੍ਹ: ਪੰਜਾਬੀ ਲਘੂ ਫਿਲਮਾਂ ਨੂੰ ਮਿਆਰੀ ਸਿਰਜਨਾਂ ਦੇ ਰਹੇ ਨਵੇਂ-ਨਵੇਂ ਰੰਗਾਂ ਨਾਲ ਅੋਤ ਪੋਤ ਕਰ ਰਹੇ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਅਮਨ ਮਹਿਮੀ ਵੱਲੋਂ ਨਿਰਦੇਸ਼ਿਤ ਕੀਤੀ ਉਨਾਂ ਦੀ ਨਵੀਂ ਅਰਥ-ਭਰਪੂਰ ਲਘੂ ਫਿਲਮ ਟਾਹਲੀ ਦਾ ਫ਼ਸਟ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿਚ ਦਿੱਗਜ ਪੰਜਾਬੀ ਸਿਨੇਮਾ ਐਕਟਰ ਮਹਾਵੀਰ ਭੁੱਲਰ ਪ੍ਰਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ।
‘ਮਹਿਮੀ ਮੂਵੀਜ਼’ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਸ਼ੂਟਿੰਗ ਬਠਿੰਡਾ ਲਾਗਲੇ ਕਈ ਪਿੰਡਾਂ ਵਿਚ ਸੰਪੂਰਨ ਕੀਤੀ ਗਈ ਹੈ, ਜਿਸ ਦੀ ਸਟਾਰ ਕਾਸਟ ਵਿਚ ਮਹਾਵੀਰ ਭੁੱਲਰ ਤੋਂ ਇਲਾਵਾ ਮਲਕੀਤ ਸਿੰਘ ਔਲਖ, ਰਾਜਦੀਪ ਸਿੰਘ ਬਰਾੜ, ਅਮਨਜੀਤ ਸਿੰਘ ਬਰਾੜ, ਵਿਰਾਟ ਮਾਹਲ, ਸੋਨੀਆ ਸਿੰਘ, ਕੰਵਲਜੀਤ ਸਿੰਘ ਕੁਟੀ, ਜਗਦੀਸ਼ ਤੂਫ਼ਾਨ, ਗਗਨਦੀਪ ਸਿੰਘ ਭੁੱਲਰ, ਤਰਸੇਮ ਸਿੰਘ ਬੁੱਟਰ, ਕੁਲਵਿੰਦਰ ਸਿੰਘ ਔਲਖ, ਗੁਰਪ੍ਰੀਤ ਸਿੰਘ ਮੱਲ੍ਹਾ, ਗੁਰਵਿੰਦਰ ਸ਼ਰਮਾ, ਜਗਤਾਰ ਸਿੰਘ, ਨੂਰਦੀਪ ਸਿੱਧੂ, ਅਮਰਜੀਤ ਕੌਰ, ਜਗਮੋਹਨ ਜੱਗੂ, ਨਿਸ਼ਾ ਸ਼ਰਮਾ, ਗੁਰਮਨ ਕੌਰ ਆਦਿ ਸ਼ਾਮਿਲ ਹਨ।
ਪੁਰਾਤਨ ਪੰਜਾਬ ਦੇ ਬਦਲ ਰਹੇ ਮੌਜੂਦਾ ਮੁਹਾਂਦਰੇ ਅਤੇ ਤਿੜ੍ਹਕ ਰਹੇ ਸਾਂਝੇ ਪਰਿਵਾਰਿਕ ਰਿਸ਼ਤਿਆਂ ਦੁਆਲੇ ਬੁਣੀ ਗਈ ਇਸ ਫਿਲਮ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਵੀ ਨਿਰਦੇਸ਼ਕ ਅਮਨ ਮਹਿਨੀ ਵੱਲੋਂ ਹੀ ਸੰਪੂਰਨ ਕੀਤੇ ਗਏ ਹਨ। ਉਨ੍ਹਾਂ ਇਸ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੇਂਡੂ ਜਨਜੀਵਨ ਦੀ ਖੂਸਬੂਰਤ ਤਸਵੀਰ ਪੇਸ਼ ਕਰਦੀ ਇਹ ਫਿਲਮ ਬਹੁਤ ਹੀ ਭਾਵਪੂਰਨ ਕਹਾਣੀ ਆਧਾਰਿਤ ਹੈ, ਜਿਸ ਦਾ ਲੇਖਨ ਰਾਜਦੀਪ ਸਿੰਘ ਬਰਾੜ ਨੇ ਕੀਤਾ ਹੈ ਅਤੇ ਸੰਗੀਤ ਨੂਰਦੀਪ ਸਿੱਧੂ ਦੁਆਰਾ ਤਿਆਰ ਕੀਤਾ ਹੈ।
- ਛੋਟੇ ਪਰਦੇ 'ਤੇ ਨਵੇਂ ਆਗਾਜ਼ ਵੱਲ ਵਧੀ ਬਾਲੀਵੁੱਡ ਅਦਾਕਾਰਾ ਸ਼ੀਬਾ, ਸਟਾਰ ਪਲੱਸ 'ਤੇ ਜਲਦ ਆਨ-ਏਅਰ ਹੋ ਰਹੇ ਸੀਰੀਅਲ 'ਚ ਆਵੇਗੀ ਨਜ਼ਰ
- Buhe Bariyan Trailer Out: ਰਿਲੀਜ਼ ਹੋਇਆ ਨੀਰੂ ਬਾਜਵਾ ਦੀ ਫਿਲਮ 'ਬੂਹੇ ਬਾਰੀਆਂ' ਦਾ ਟ੍ਰੇਲਰ, ਦੇਖੋ ਅਦਾਕਾਰਾ ਦਾ ਦਮਦਾਰ ਲੁੱਕ
- Punjabi Film Furlow: ਪੰਜ ਸਾਲ ਬਾਅਦ ਫਿਰ ਇੱਕ ਇੱਕਠੇ ਕੰਮ ਕਰਦੇ ਨਜ਼ਰ ਆਉਣਗੇ ਗੁਰਪ੍ਰੀਤ ਘੁੱਗੀ-ਵਿਕਰਮ ਗਰੋਵਰ, ਫਿਲਮ 'ਫ਼ਰਲੋ' ਦੀ ਸ਼ੂਟਿੰਗ ਹੋਈ ਸ਼ੁਰੂ
ਉਨ੍ਹਾਂ ਦੱਸਿਆ ਕਿ 30 ਅਗਸਤ ਨੂੰ ਸੋਸ਼ਲ ਪਲੇਟਫ਼ਾਰਮਜ਼ 'ਤੇ ਜਾਰੀ ਕੀਤੀ ਜਾ ਰਹੀ ਇਸ ਫਿਲਮ ਵਿਚ ਰਿਸ਼ਤਿਆਂ 'ਤੇ ਹਾਵੀ ਹੋ ਰਹੇ ਲਾਲਚ ਅਤੇ ਇਸ ਦੇ ਸਾਹਮਣੇ ਆਉਣ ਵਾਲੇ ਦੁਰਪ੍ਰਭਾਵਾਂ ਨੂੰ ਬਹੁਤ ਹੀ ਪ੍ਰਭਾਵੀ ਰੂਪ ਵਿਚ ਫਿਲਮਬੱਧ ਕੀਤਾ ਗਿਆ ਹੈ। ਪੰਜਾਬੀ ਸਿਨੇਮਾ ਦੇ ਨਾਮਵਰ ਅਤੇ ਮੰਝੇ ਹੋਏ ਕਈ ਨਿਰਦੇਸ਼ਕਾਂ ਨਾਲ ਬਤੌਰ ਐਸੋਸੀਏਟ ਨਿਰਦੇਸ਼ਕ ਕੰਮ ਕਰਨ ਦਾ ਲੰਮੇਰ੍ਹਾ ਤਜ਼ਰਬਾ ਰੱਖਦੇ ਅਮਨ ਮਹਿਮੀ ਦੇ ਬਤੌਰ ਨਿਰਦੇਸ਼ਕ ਹਾਲੀਆ ਫਿਲਮ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਲੀਕ ਤੋਂ ਹੱਟ ਕੇ ਅਤੇ ਸੰਦੇਸ਼ਮਕ ਫਿਲਮਾਂ ਬਣਾਉਣ ਨੂੰ ਹੀ ਖਾਸੀ ਤਰਜ਼ੀਹ ਦੇਣਾ ਪਸੰਦ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਦਰਸ਼ਕਾਂ ਵੱਲੋਂ ਉਨਾਂ ਦੀ ਹਰ ਲਘੂ ਫਿਲਮ ਨੂੰ ਭਰਵਾਂ ਹੁੰਗਾਰਾ ਅਤੇ ਸਲਾਹੁਤਾ ਨਾਲ ਨਿਵਾਜ਼ਿਆਂ ਗਿਆ ਹੈ।
ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਲਘੂ ਫਿਲਮਾਂ ਵਿਚ ਸ੍ਰੀਮਤੀ ਜੀ, ਮੁੱਛ, ਪੁੱਠੇ ਪੰਗੇ, ਰਾਜੀਬੰਦਾ, ਨਾਮੀ ਤੋਂ ਇਲਾਵਾ ਤੁੰਗਲ ਆਦਿ ਸ਼ਾਮਿਲ ਰਹੀਆਂ ਹਨ, ਜਿਸ ਨੂੰ ਵੱਖ ਵੱਖ ਫਿਲਮ ਫੈਸਟੀਵਲ ਵਿਚ ਵਿਸ਼ੇਸ਼ ਐਵਾਰਡ ਹਾਸਿਲ ਕਰਨ ਦਾ ਵੀ ਮਾਣ ਨਸੀਬ ਹੋਇਆ ਹੈ। ਪੰਜਾਬੀ ਲਘੂ ਫਿਲਮਾਂ ਨੂੰ ਉਮਦਾ ਕੰਟੈਂਟ ਪੱਖੋਂ ਨਵੇਂ ਆਯਾਮ ਦੇਣ ਵਿਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਨਿਰਦੇਸ਼ਕ ਅਮਨ ਮਹਿਮੀ ਅਨੁਸਾਰ ਇਸ ਫਿਲਮ ਤੋਂ ਬਾਅਦ ਉਨਾਂ ਦੀਆਂ ਆਗਾਮੀ ਯੋਜਨਾਵਾਂ ਵਿਚ ਬਹੁਤ ਹੀ ਥ੍ਰਿਲਰ ਭਰਪੂਰ ਪੰਜਾਬੀ ਵੈੱਬ ਸੀਰੀਜ਼ ਵੀ ਸ਼ਾਮਿਲ ਹੈ, ਜਿਸ ਦੇ ਨਾਲ ਪੰਜਾਬੀ ਸਿਨੇਮਾ ਲਈ ਵੀ ਕੁਝ ਅਲਹਦਾ ਕਰਨ ਲਈ ਉਹ ਯਤਨਸ਼ੀਲ ਹਨ।