ਚੰਡੀਗੜ੍ਹ: ਕੈਨੇਡਾ ਦੀ ਮਸ਼ਹੂਰ ਸੈਲਾਨੀ ਸੈਰਗਾਹ ਵਜੋਂ ਮੰਨੇ ਜਾਂਦੀ Niagara Falls 'ਤੇ ਪਹਿਲੀ ਵਾਰ ਵੱਡੇ ਪੰਜਾਬੀ ਗਾਇਕੀ ਮੇਲੇ ਦਾ ਆਯੋਜਨ ਕੱਲ੍ਹ 9 ਸਤੰਬਰ ਨੂੰ ਹੋਣ ਜਾ ਰਿਹਾ ਹੈ, ਜਿਸ ਵਿਚ ਮਸ਼ਹੂਰ ਗਾਇਕ ਗਗਨ ਕੋਕਰੀ ਵੀ ਆਪਣੇ ਉਮਦਾ ਗਾਣਿਆਂ ਨਾਲ ਧਮਾਲਾਂ ਪਾਉਣਗੇ।
ਇਸੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਇਹ ਬਾਕਮਾਲ ਅਤੇ ਸੁਰੀਲੇ ਗਾਇਕ ਨੇ ਦੱਸਿਆ ਕਿ ਕੁਇਨ ਵਿਕਟੋਰੀਆਂ ਪਾਰਕ, Niagara Falls ਵਿਖੇ ਇਸ ਤਰ੍ਹਾਂ ਦੇ ਵੱਡ-ਅਕਾਰੀ ਪੰਜਾਬੀ ਮੇਲੇ ਦਾ ਆਯੋਜਨ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਿਸ ਵਿਚ ਗਿੱਧੇ, ਭੰਗੜ੍ਹੇ ਅਤੇ ਹੋਰਨਾਂ ਪੰਜਾਬੀਆਂ ਵੰਨਗੀਆਂ ਨਾਲ ਸੰਬੰਧਤ ਮੁਕਾਬਲੇ ਵੀ ਕਰਵਾਏ ਜਾਣਗੇ, ਜਿੰਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀ ਨੌਜਵਾਨ ਅਤੇ ਮੁਟਿਆਰਾਂ ਹਿੱਸਾ ਲੈਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਖਿੱਤੇ ਵਿਚ ਵੱਸਦੇ ਪ੍ਰਵਾਸੀ ਭਾਰਤੀਆਂ ਵੱਲੋਂ ਸੁਯੰਕਤ ਰੂਪ ਵਿਚ ਆਯੋਜਿਤ ਕਰਵਾਏ ਜਾ ਰਹੇ ਇਸ ਮੇਲੇ ਦਾ ਉਦੇਸ਼ ਇੱਥੇ ਵੱਸਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਅਸਲ ਜੜ੍ਹਾਂ ਨਾਲ ਜੋੜਨਾ ਅਤੇ ਕਦਰਾਂ-ਕੀਮਤਾਂ ਨਾਲ ਜਾਣੂੰ ਕਰਵਾਉਣਾ ਮੁੱਖ ਹੈ ਤਾਂ ਕਿ ਨਵੀਂ ਪੀੜ੍ਹੀ ਦਾ ਆਪਣੇ ਵਤਨ ਅਤੇ ਉਥੋਂ ਦੀ ਮਿੱਟੀ ਨਾਲ ਮੋਹ ਅਤੇ ਪਿਆਰ ਬਣਿਆ ਰਹੇ।
ਉਨ੍ਹਾਂ ਕਿਹਾ ਕਿ ਸਵੇਰੇ 9 ਵਜੋਂ ਤੋਂ ਸ਼ੁਰੂ ਹੋਣ ਵਾਲੇ ਇਸ ਮੇਲੇ ਵਿਚ ਉਨਾਂ ਤੋਂ ਇਲਾਵਾ ਕਈ ਹੋਰ ਨਾਮਵਰ ਫ਼ਨਕਾਰ ਸ਼ਮੂਲੀਅਤ ਕਰਨਗੇ ਅਤੇ ਆਪਣੇ ਗੀਤਾਂ ਦੁਆਰਾ ਸਰੋਤਿਆਂ ਅਤੇ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਉਕਤ ਮੇਲੇ ਵਿਚ ਕਰਵਾਏ ਜਾਣ ਵਾਲੇ ਪੰਜਾਬੀ ਸੱਭਿਆਚਾਰਕ ਨਾਲ ਸੰਬੰਧਤ ਅਤੇ ਗਿੱਧੇ, ਭੰਗੜ੍ਹੇ ਦੇ ਮੁਕਾਬਲਿਆਂ ਵਿਚ ਮੋਹਰੀ ਰਹਿਣ ਵਾਲੇ ਅਤੇ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਪੰਜਾਬੀ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਸਨਮਾਨਿਤ ਕਰਕੇ ਉਨਾਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ ਜਾਵੇਗੀ।
ਗਾਇਕ ਕੋਕਰੀ ਨੇ ਕਿਹਾ ਕਿ ਉਸਾਰੂ ਸੇਧ ਦਿੰਦੇ ਇਸ ਸਮਾਰੋਹ ਦਾ ਹਿੱਸਾ ਬਣ ਕੇ ਉਹ ਕਾਫ਼ੀ ਖੁਸ਼ੀ ਅਤੇ ਸਕੂਨ ਮਹਿਸੂਸ ਕਰ ਰਹੇ ਹਨ, ਕਿਉਂਕਿ ਇਸੇ ਸਮਾਰੋਹ ਦੇ ਸਬੱਬ ਵਜੋਂ ਉਸ ਨੂੰ ਵੀ ਆਪਣੇ ਪੰਜਾਬ ਨਾਲ ਜੁੜੇ ਲੋਕਾਂ ਲਈ ਕੁਝ ਕਰ ਗੁਜ਼ਰਣ ਦਾ ਅਵਸਰ ਮਿਲ ਰਿਹਾ ਹੈ। ਓਧਰ ਸੱਤ ਸੁਮੰਦਰ ਪਾਰ ਤੱਕ ਆਪਣੀ ਗਾਇਕੀ ਦਾ ਲੋਹਾ ਮੰਨਵਾ ਰਹੇ ਇਸ ਮਿਆਰੀ ਗਾਇਕ ਦੇ ਹਾਲੀਆ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਸੰਗੀਤਕ ਖੇਤਰ ਦੇ ਨਾਲ ਨਾਲ ਪੰਜਾਬੀ ਫਿਲਮਾਂ ਵਿਚ ਵੀ ਬਤੌਰ ਅਦਾਕਾਰ ਵੱਧ-ਚੜ੍ਹ ਕੇ ਆਪਣਾ ਸ਼ਾਨਦਾਰ ਵਜ਼ੂਦ ਸਥਾਪਿਤ ਕਰਨ ਵੱਲ ਵੱਧ ਰਹੇ ਹਨ, ਜਿੰਨ੍ਹਾਂ ਦੀ ਲਾਜਵਾਬ ਅਦਾਕਾਰੀ ਦਾ ਇਜ਼ਹਾਰ ਬੀਤੇ ਸਮੇਂ ਰਿਲੀਜ਼ ਹੋਈ ਪੰਜਾਬੀ ਫਿਲਮ ‘ਲਾਟੂ’ ਅਤੇ ‘ਯਾਰਾਂ ਵੇ’ ਵੀ ਕਰਵਾ ਚੁੱਕੀ ਹੈ, ਜਿਸ ਵਿਚ ਉਨਾਂ ਦੀ ਭੂਮਿਕਾ ਲੀਡ ਕਾਫ਼ੀ ਪ੍ਰਭਾਵੀ ਰਹੀ।
ਪੰਜਾਬੀ ਗਾਇਕੀ ਦੇ ਖੇਤਰ ਵਿਚ ਉਨਾਂ ਵੱਲੋਂ ਗਾਏ ਕਈ ਅਰਥ-ਭਰਪੂਰ ਗੀਤਾਂ ਨੇ ਉਨਾਂ ਦੀ ਹਰਮਨ ਪਿਆਰਤਾ ਦਾ ਗ੍ਰਾਫ਼ ਹੋਰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਵਿਚ 'ਬਲੈਸਿੰਗਜ਼ ਆਫ਼ ਬਾਪੂ', 'ਬਲੈਸਿੰਗਜ਼ ਆਫ਼ ਸਿਸਟਰ' ਅਤੇ 'ਬਲੈਸਿੰਗ ਆਫ਼ ਬੇਬੇ' ਆਦਿ ਗੀਤ ਸ਼ਾਮਿਲ ਰਹੇ ਹਨ।