ਅੰਮ੍ਰਿਤਸਰ: ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋ ਕੇ ਹਰ ਇੱਕ ਨੂੰ ਸਕੂਨ ਮਿਲਦਾ ਹੈ। ਇਸ ਲਈ ਆਏ ਦਿਨ ਮਸ਼ਹੂਰ ਹਸਤੀਆਂ ਇਥੇ ਨਤਮਸਕ ਹੁੰਦੀਆਂ ਰਹਿੰਦੀਆਂ ਹਨ, ਹੁਣ ਇਸ ਲੜੀ ਵਿੱਚ ਪੰਜਾਬੀ ਦੇ ਮਸ਼ਹੂਰ ਗਾਇਕ ਮਲਕੀਤ ਸਿੰਘ ਵੀ ਸ਼ਾਮਿਲ ਹੋ ਗਏ ਹਨ।
ਜੀ ਹਾਂ...ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ, ਉਨ੍ਹਾਂ ਗੁਰਬਾਣੀ ਦਾ ਆਨੰਦ ਮਾਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਅੱਜ ਅੱਠ ਮਹੀਨੇ ਬਾਅਦ ਇੰਗਲੈਂਡ ਤੋਂ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਹਾਂ। ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਮਨ ਨੂੰ ਸਕੂਨ ਮਿਲ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਲੱਚਰ ਗਾਇਕੀ ਨਾਲ ਸਮਾਜ ਨੂੰ ਗਲਤ ਸੇਧ ਮਿਲਦੀ ਹੈ, ਗੀਤ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਵਾਲੇ ਹੋਣੇ ਚਾਹੀਦੇ ਹਨ, ਇਸ ਲਈ ਚੰਗੀ ਗਾਇਕੀ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਅਸੀਂ ਆਪਣੇ ਗੀਤ ਵਿਚ ਕੋਈ ਗੰਨ ਅਤੇ ਹੈਲੀਕਾਪਟਰ ਨਹੀਂ ਦਿਖਾਏ, ਫਿਰ ਵੀ ਗੀਤ ਹਿੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਜਲਦ ਇਕ ਫਿਲਮ ਰਿਲੀਜ਼ ਕਰਨ ਜਾ ਰਹੇ ਹਨ, ਜਿਸਦੀ ਸਟਾਰਕਾਸਟ ਡਾਇਰੈਕਟਰ ਅਤੇ ਪ੍ਰੋਡਿਊਸਰ ਸਭ ਬਾਹਰ ਤੋਂ ਹੋਣਗੇ। ਅਸੀਂ ਹਮੇਸ਼ਾਂ ਪਰਿਵਾਰਕ ਗੀਤ ਅਤੇ ਫਿਲਮਾਂ ਬਣਾਈਆਂ, ਜਿਸ ਵਿਚ ਪੰਜਾਬੀਅਤ ਅਤੇ ਸਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ। ਇਸ ਫਿਲਮ ਦੀ ਸ਼ੂਟਿੰਗ ਲੰਡਨ ਵਿੱਚ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਗਾਇਕ ਮਲਕੀਤ ਸਿੰਘ ਨੇ ਹੁਣ ਤੱਕ ਪੰਜਾਬੀ ਮੰਨੋਰੰਜਨ ਜਗਤ ਨੂੰ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ ਹਨ, ਜਿਹਨਾਂ ਵਿੱਚ 'ਤੂਤਕ ਤੂਤਕ ਤੂਤੀਆਂ', 'ਕਾਲੀ ਐਨਕ' ਅਤੇ ਹੋਰ ਬਹੁਤ ਸਾਰੇ ਸ਼ਾਮਿਲ ਹਨ, ਗਾਇਕ ਨੂੰ ਇੰਸਟਾਗ੍ਰਾਮ ਉਤੇ 1.2 ਲੱਖ ਲੋਕ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ:Kali Jotta: ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇਗਾ ਫਿਲਮ 'ਕਲੀ ਜੋਟਾ' ਦਾ ਇਹ ਸੀਨ, ਦੇਖੋ ਵੀਡੀਓ