ਚੰਡੀਗੜ੍ਹ: ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੂਟ ਹੋ ਰਹੀ ਹਿੰਦੀ ਫ਼ਿਲਮ ‘ਫ਼ਤਿਹ’ ਦੀ ਸ਼ੂਟਿੰਗ ਵਿਚ ਹਿੱਸਾ ਲੈਣ ਲਈ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਹਾਂਗੀਰ ਖ਼ਾਨ ਵੀ ਇੱਥੇ ਪੁੱਜ ਚੁੱਕੇ ਹਨ। ਜੋ ਇਸ ਬਹੁਚਰਚਿਤ ਫ਼ਿਲਮ ਵਿਚ ਅਤਿ ਪ੍ਰਭਾਵੀ ਕਿਰਦਾਰ ’ਚ ਨਜ਼ਰ ਆਉਣਗੇ।
‘ਜੀ ਸਟੂਡੀਓਜ਼ ਅਤੇ ਸ਼ਕਤੀ ਸਾਗਰ ਪ੍ਰੋਡੋਕਸ਼ਨ’ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼ ਲੀਡ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਮੰਨੋਰੰਜਨ ਉਦਯੋਗ ਨਾਲ ਜੁੜੇ ਹੋਰ ਵੀ ਬਹੁਤ ਸਾਰੇ ਅਦਾਕਾਰ ਵੀ ਇਸ ਫ਼ਿਲਮ ਦਾ ਹਿੱਸਾ ਬਣ ਰਹੇ ਹਨ।
ਜੇਕਰ ਇਸ ਫ਼ਿਲਮ ਦਾ ਤਾਜਾ ਹਿੱਸਾ ਬਣੇ ਜਹਾਂਗੀਰ ਖ਼ਾਨ ਦੀ ਗੱਲ ਕੀਤੀ ਜਾਵੇ ਤਾਂ ਹਾਲੀਆ ਸਮੇਂ ਰਿਲੀਜ਼ ਹੋਈ ਨਿਰਦੇਸ਼ਕ ਪ੍ਰਕਾਸ਼ ਝਾਅ ਦੀ ਚਰਚਿਤ ਆਸ਼ਰਮ ਸੀਰੀਜ਼ ਵਿਚ ਉਨ੍ਹਾਂ ਦਾ ਕਿਰਦਾਰ ਬਹੁਤ ਹੀ ਉਲੇਖਯੋਗ ਰਿਹਾ ਹੈ, ਜਿਸ ਵਿਚ ਉਨ੍ਹਾਂ ਦੇ ਬਾਕਮਾਲ ਅਭਿਨੈ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ।
ਇਸ ਤੋਂ ਇਲਾਵਾ ‘ਪਾਨ ਸਿੰਘ ਤੋਮਰ‘, ‘ਦਿਲਵਾਲੇ‘, ‘ਦਾ ਪਰਫੈਕਟ ਮਰਡਰ’, ‘ਰਾਮ ਸੇਤੂ ’, ‘ਸਾਹਿਬ ਬੀਵੀ ਔਰ ਗੈਗਸਟਰ 3’, ‘ਅਬ ਤੱਕ ਛਪਨ 2’, ‘ਰਾਜਨੀਤੀ’, ‘ਸੰਕਟ ਸਿਟੀ’, ‘ਗੰਗੂਬਾਈ ਕਾਠੀਵਾੜ੍ਹੀ’ ਨੇ ਵੀ ਉਨਾਂ ਦੇ ਕਰੀਅਰ ਨੂੰ ਉਭਾਰਨ ਅਤੇ ਮਾਇਆਨਗਰੀ ਮੁੰਬਈ ਵਿਚ ਵਿਲੱਖਣ ਸਥਾਪਤੀ ਵਿਚ ਅਹਿਮ ਯੋਗਦਾਨ ਪਾਇਆ ਹੈ।
ਉਕਤ ਐਕਸ਼ਨ-ਥ੍ਰਿਲਰ ਫ਼ਿਲਮ ਵਿਚ ਆਪਣੇ ਹਿੱਸੇ ਦੇ ਦ੍ਰਿਸ਼ ਫ਼ਿਲਮਾਂਕਣ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ। ਜ਼ਹਾਗੀਰ ਖ਼ਾਨ ਦੱਸਦੇ ਹਨ ਕਿ ਇਸ ਫ਼ਿਲਮ ਵਿਚ ਸੋਨੂੰ ਸੂਦ ਨਾਲ ਉਨ੍ਹਾਂ ਨੂੰ ਬੇਹੱਦ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰਨ ਦਾ ਅਵਸਰ ਮਿਲ ਰਿਹਾ ਹੈ, ਜੋ ਕਿ ਬਹੁਤ ਹੀ ਚੁਣੌਤੀਪੂਰਨ ਹੈ ਅਤੇ ਇਸ ਵਿਚ ਦਰਸ਼ਕਾਂ ਨੂੰ ਆਪਣੇ ਅਭਿਨੈ ਦੇ ਹੋਰ ਰੰਗ ਵੇਖਣ ਲਈ ਮਿਲਣਗੇ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਵੀ ਉਨਾਂ ਲਈ ਬੇਹੱਦ ਖਾਸ ਹੈ, ਕਿਉਂਕਿ ਇਸ ਸਦਕਾ, ਜਿੱਥੇ ਪੰਜਾਬੀ ਵੰਨਗੀਆਂ ਅਤੇ ਮਹਿਮਾਨ ਨਿਵਾਜ਼ੀ ਦਾ ਆਨੰਦ ਉਠਾ ਰਹੇ ਹਨ, ਉਥੇ ਨਾਲ ਹੀ ਦੁਨੀਆਭਰ ਵਿਚ ਮਸ਼ਹੂਰ ਅਸਥਾਨ ਵਜੋਂ ਮੰਨੇ ਜਾਂਦੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਏ ਦੀਦਾਰ ਕਰਨ ਦਾ ਵੀ ਉਨਾਂ ਨੂੰ ਨਸੀਬ ਹਾਸਿਲ ਹੋਇਆ ਹੈ।
ਆਉਣ ਵਾਲੇ ਪ੍ਰੋਜੈਕਟਸ ਬਾਰੇ ਗੱਲ ਕਰਦਿਆਂ ਇਹ ਅਦਾਕਾਰ ਦੱਸਦੇ ਹਨ ਕਿ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੇ ਜਾ ਰਹੇ ‘ਆਸ਼ਰਮ 3’ ਭਾਗ ਵਿਚ ਵੀ ਉਨ੍ਹਾਂ ਦਾ ਕਿਰਦਾਰ ਹੋਰ ਖਤਰਨਾਕ ਰੂਪ ਲੈਂਦਾ ਨਜ਼ਰੀ ਆਵੇਗਾ। ਇਸ ਤੋਂ ਇਲਾਵਾ ਉਹਨਾਂ ਦੇ ਕੁਝ ਹੋਰ ਹਿੰਦੀ ਫ਼ਿਲਮਾਂ ਦੇ ਸ਼ੂਟ ਵੀ ਪੂਰੇ ਹੋ ਚੁੱਕੇ ਹਨ, ਜੋ ਵੀ ਜਲਦੀ ਰਿਲੀਜ਼ ਹੋਣ ਵਾਲੀਆਂ ਹਨ।
ਇਹ ਵੀ ਪੜ੍ਹੋ:Chal Jindiye: ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੀ ਫਿਲਮ 'ਚੱਲ ਜਿੰਦੀਏ' ਦੀ ਟੀਮ, ਫਿਲਮ ਇਸ ਦਿਨ ਹੋਵੇਗੀ ਰਿਲੀਜ਼