ਚੰਡੀਗੜ੍ਹ: ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ, ਜਿਸ ਦਿਨ ਪੰਜਾਬੀ ਦੀ ਕਿਸੇ ਨਾ ਕਿਸੇ ਫਿਲਮ ਦਾ ਐਲਾਨ ਨਾ ਹੋਇਆ ਹੋਵੇ, ਆਏ ਦਿਨ ਪੰਜਾਬੀ ਦੀਆਂ ਨਵੀਆਂ ਫਿਲਮਾਂ ਦਾ ਐਲਾਨ, ਰਿਲੀਜ਼ ਮਿਤੀ ਅਤੇ ਟ੍ਰਲੇਰ ਰਿਲੀਜ਼ ਹੁੰਦੇ ਰਹਿੰਦੇ ਹਨ, ਇਸ ਗੱਲ਼ ਤੋਂ ਅੰਦਾਜ਼ਾਂ ਲਾਇਆ ਜਾ ਸਕਦਾ ਹੈ ਕਿ ਸਾਲ 2023 ਯਕੀਨਨ ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਕੁੱਝ ਚੰਗੀਆਂ ਯਾਦਾਂ ਛੱਡ ਕੇ ਜਾਵੇਗਾ। ਇਸੇ ਤਰ੍ਹਾਂ ਹੀ ਹੁਣ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਹੋ ਗਿਆ ਹੈ।
ਜੀ ਹਾਂ...ਪਾਲੀਵੁੱਡ ’ਚ ਵਿਲੱਖਣ ਪਹਿਚਾਣ ਰੱਖਦੇ ਨਿਰਦੇਸ਼ਕ ਰਾਜ ਸਿਨਹਾ ਪੰਜਾਬੀ ਸਿਨੇਮਾਂ ’ਚ ਵੀ ਲਗਾਤਾਰ ਕਾਰਜਸ਼ੀਲ ਹਨ, ਜਿੰਨ੍ਹਾਂ ਵੱਲੋਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਉਡੀਕਾਂ ਤੇਰੀਆਂ’ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ 21 ਅਪ੍ਰੈਲ ਨੂੰ ਦੇਸ਼, ਵਿਦੇਸ਼ ਦੇ ਸਿਨੇਮਾਂ ਘਰਾਂ ’ਚ ਰਿਲੀਜ਼ ਕੀਤੀ ਜਾਵੇਗੀ।
‘ਫ਼ਾਦਰ ਐਂਡ ਸੰਨਜ਼ ਫ਼ਿਲਮਜ਼’ ਅਤੇ ‘ਚਿਪਸ ਮਿਊਜ਼ਿਕ ਐਨ ਫ਼ਿਲਮ ਪ੍ਰੋਡੋਕਸ਼ਨ' ਦੇ ਬੈਨਰਜ਼ ਹੇਠ ਨਿਰਮਿਤ ਕੀਤੀ ਗਈ ਇਸ ਫ਼ਿਲਮ ਵਿਚ ਪੁਖਰਾਜ਼ ਭੱਲਾ ਅਤੇ ਗੁੰਜਨ ਕਟੋਚ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਹਨਾਂ ਤੋਂ ਇਲਾਵਾ ਵਿੰਦੂ ਦਾਰਾ ਸਿੰਘ, ਜਸਵਿੰਦਰ ਭੱਲਾ, ਬੀ.ਐਨ ਸ਼ਰਮਾ, ਅਮਰ ਨੂਰੀ, ਸੀਮਾ ਕੌਸ਼ਲ, ਗੁਰਪ੍ਰੀਤ ਘੁੱਗੀ ਅਤੇ ਹਰਬੀ ਸੰਘਾ, ਬਲਵੀਰ ਬੋਪਾਰਾਏ, ਕੁਲਵੀਰ ਸੋਨੀ, ਸੰਤੋਸ਼ ਗਿੱਲ, ਪੁਨੀਤ ਸਿੰਘ, ਜਯੋਤੀ ਅਰੋੜਾ, ਪਰਮਿੰਦਰ ਬਰਨਾਲਾ, ਸੰਦੀਪ ਪਤੀਲਾ, ਸੁਖਬੀਰ ਕੌਰ ਅਤੇ ਹਰਮੀਤ ਸਿੰਘ ਜੰਮੂ ਆਦਿ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਹਨ।
ਜੇਕਰ ਗੱਲ ਰਾਜ ਸਿਨਹਾ ਦੀ ਕਰੀਏ ਤਾਂ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਪਿਛਲੀ ਪੰਜਾਬੀ ਫ਼ਿਲਮ ਦਾ ਨਾਂਅ ਸੀ ‘ਓ ਯਾਰਾ ਐਵੇਂ ਐਵੇਂ ਲੁੱਟ ਗਿਆ’, ਜਿਸ ਵਿਚ ਜੱਸੀ ਗਿੱਲ ਅਤੇ ਗੌਹਰ ਖ਼ਾਨ ਦੀ ਜੋੜੀ ਲਈ ਗਈ ਸੀ, ਉਸ ਤੋਂ ਬਾਅਦ ਪੰਜਾਬੀ ਸਿਨੇਮਾਂ ਲਈ ਨਿਰਦੇਸ਼ਿਤ ਕੀਤੀ ਗਈ ਇਹ ਉਨ੍ਹਾਂ ਦੀ ਦੂਜੀ ਪੰਜਾਬੀ ਫ਼ਿਲਮ ਹੈ। ਕੈਨੇਡਾ ਬੇਸਡ ਨਿਰਮਾਤਾ ਮੁਕੇਸ਼ ਸ਼ਰਮਾ ਅਤੇ ਸੱਗੀ ਏ ਅਗਨੀਹੋਤਰੀ ਦੁਆਰਾ ਬਣਾਈ ਗਈ ਇਸ ਫ਼ਿਲਮ ਸਟੋਰੀ-ਸਕਰੀਨਪਲੇ ਸੱਗੀ ਏ ਅਗਨੀਹੋਤਰੀ ਅਤੇ ਰਾਜ ਸਿਨਹਾ ਨੇ ਲਿਖਿਆ ਹੈ, ਜਦਕਿ ਡਾਇਲਾਗ ਅਜੇ ਬਾਵਾ ਦੇ ਦੁਆਰਾ ਹੈ।
ਫ਼ਿਲਮ ਦੇ ਕਾਰਜਕਾਰੀ ਨਿਰਮਾਤਾ ਵਿਨੋਦ ਸ਼ਰਮਾ, ਅਮਨ ਸ਼ਰਮਾ, ਰਚਨਾਤਮਕ ਨਿਰਮਾਤਾ ਗੌਤਮ ਸ਼ਰਮਾ, ਕਾਸਟਿਊਮ ਡਿਜ਼ਾਈਨਗਰ ਜੀਨਤ ਢੀਂਗਰਾਂ, ਲਾਈਨ ਨਿਰਮਾਤਾ ਸੁੱਖੀ ਨਾਭਾ ਅਤੇ ਗੀਤਕਾਰ ਹੈਪੀ ਰਾਏਕੋਟੀ, ਅਜੇ ਬਾਵਾ, ਸਿਪਾ ਬਹਾਵਲਰਪੁਰੀਆਂ, ਜੰਗ ਢਿੱਲੋਂ ਅਤੇ ਪਿੱਠਵਰਤੀ ਗਾਇਕ ਮਾਸਟਰ ਸਲੀਮ, ਕਮਲ ਖ਼ਾਨ, ਯੁਵਰਾਜ ਹੰਸ, ਸੱਜਣ ਅਦੀਬ, ਗੁਣਜਾਜ ਅਤੇ ਸਿਮਰਨ ਭਾਰਦਵਾਜ ਹਨ। ਫ਼ਿਲਮ ਦੀ ਕਹਾਣੀ ਪਰਿਵਾਰਿਕ ਤਾਣੇ ਬਾਣੇ ਅਤੇ ਕਾਮੇਡੀ ਦੁਆਲੇ ਘੁੰਮਦੀ ਹੈ, ਜਿਸ ਵਿਚ ਭਾਵਨਾਤਮਕ ਤਾਣੇ ਬਾਣੇ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ:Rakesh Sawant: ਪਾਲੀਵੁੱਡ ’ਚ ਨਵੀਂ ਪਾਰੀ ਦਾ ਆਗਾਜ਼ ਕਰਨਗੇ ਰਾਖੀ ਸਾਵੰਤ ਦੇ ਭਰਾ ਅਤੇ ਨਿਰਦੇਸ਼ਕ ਰਾਕੇਸ਼ ਸਾਵੰਤ, ਵਿਸਥਾਰ ਜਾਣੋ