ਦਿੱਲੀ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਦੇ ਦਿੱਲੀ ਸਥਿਤ ਘਰ 'ਚ 2.40 ਕਰੋੜ ਰੁਪਏ ਦੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਅਦਾਕਾਰਾ ਦੇ ਘਰ ਦੀ ਨਰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਰਸ ਕੋਲੋਂ ਕਰੋੜਾਂ ਰੁਪਏ ਦੀ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ, ਜੋ ਉਸ ਨੇ ਫਰਵਰੀ 'ਚ ਅਦਾਕਾਰਾ ਦੇ ਘਰੋਂ ਚੋਰੀ ਕੀਤੇ ਸਨ। ਦੋਸ਼ੀ ਅਪਰਨਾ ਰੂਥ ਵਿਲਸਨ ਅਦਾਕਾਰਾ ਸੋਨਮ ਕਪੂਰ ਦੀ ਨਾਨੀ ਦੀ ਦੇਖਭਾਲ ਕਰਦੀ ਸੀ। ਇਸ ਦੇ ਨਾਲ ਹੀ ਵਿਲਸਨ ਦਾ ਪਤੀ ਨਰੇਸ਼ ਕੁਮਾਰ ਸਾਗਰ ਸ਼ਕੂਰਪੁਰ ਸਥਿਤ ਇੱਕ ਪ੍ਰਾਈਵੇਟ ਕੰਪਨੀ ਵਿੱਚ ਅਕਾਊਂਟੈਂਟ ਵਜੋਂ ਕੰਮ ਕਰਦਾ ਹੈ।
ਦੱਸ ਦਈਏ ਕਿ ਘਰ 'ਚ ਚੋਰੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਸੋਨਮ ਕਪੂਰ ਦੀ ਦਾਦੀ ਸਰਲਾ ਆਹੂਜਾ ਨੇ ਘਰ 'ਚ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ। ਤੁਗਲਕ ਰੋਡ ਥਾਣਾ ਪੁਲਿਸ ਨੇ ਰਿਪੋਰਟ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਘਰ 'ਚੋਂ 2 ਕਰੋੜ 40 ਲੱਖ ਰੁਪਏ ਤੋਂ ਵੱਧ ਦੀ ਚੋਰੀ ਹੋ ਗਈ, ਜਿਸ 'ਚ ਨਕਦੀ ਅਤੇ ਗਹਿਣੇ ਸ਼ਾਮਲ ਸਨ।
ਖ਼ਬਰਾਂ ਮੁਤਾਬਕ ਇਹ ਚੋਰੀ ਇਸ ਸਾਲ ਫਰਵਰੀ ਮਹੀਨੇ 'ਚ ਸੋਨਮ ਅਤੇ ਆਨੰਦ ਦੇ ਦਿੱਲੀ ਵਾਲੇ ਘਰ 'ਚ ਹੋਈ ਸੀ। ਸੋਨਮ ਦੀ ਦਾਦੀ ਸਰਲਾ ਆਹੂਜਾ ਆਪਣੇ ਬੇਟੇ ਅਤੇ ਨੂੰਹ ਨਾਲ ਦਿੱਲੀ ਦੇ ਘਰ ਰਹਿੰਦੀ ਹੈ। ਘਰ ਵਿੱਚ 35 ਦੇ ਕਰੀਬ ਨੌਕਰ ਹਨ ਜੋ ਘਰ ਦਾ ਸਾਰਾ ਕੰਮ ਕਰਦੇ ਹਨ। ਇਨ੍ਹਾਂ ਸਾਰਿਆਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਸੋਨਮ ਦੀ ਦਾਦੀ ਸਰਲਾ ਨੇ 11 ਫਰਵਰੀ ਨੂੰ ਅਲਮਾਰੀ ਖੋਲ੍ਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੋਰੀ ਦਾ ਪਤਾ ਲੱਗਾ। ਇਸ ਦੇ ਨਾਲ ਹੀ ਉਸ ਨੇ ਇਸ ਮਾਮਲੇ ਵਿੱਚ 23 ਫਰਵਰੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ।
ਸੋਨਮ-ਆਨੰਦ ਦਿੱਲੀ 'ਚ ਨਹੀਂ ਹਨ: ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਇਸ ਸਮੇਂ ਮੁੰਬਈ ਵਿੱਚ ਹਨ। ਇਨ੍ਹੀਂ ਦਿਨੀਂ ਸੋਨਮ ਕਪੂਰ ਆਪਣੇ ਪ੍ਰੈਗਨੈਂਸੀ ਪੀਰੀਅਡ 'ਚ ਹੈ, ਜਿਸ ਕਾਰਨ ਇਹ ਜੋੜਾ ਮੁੰਬਈ 'ਚ ਰਹਿ ਰਿਹਾ ਹੈ। ਸੋਨਮ ਕਪੂਰ ਕਰੀਬ ਚਾਰ ਮਹੀਨੇ ਦੀ ਗਰਭਵਤੀ ਹੈ। ਇਸ ਜੋੜੇ ਨੇ ਖੁਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਹਾਲ ਹੀ 'ਚ ਸੋਨਮ ਕਪੂਰ ਨੇ ਵੀ ਆਪਣਾ ਮੈਟਰਨਿਟੀ ਫੋਟੋਸ਼ੂਟ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ:RANBIR ALIA WEDDING : ਲਾੜੇ ਦੀਆਂ ਚਚੇਰੀਆਂ ਭੈਣਾਂ ਕਰਿਸ਼ਮਾ ਤੇ ਕਰੀਨਾ ਪਹੁੰਚੀਆਂ ਸਟਾਈਲ 'ਚ