ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿਚ ਵਿਲੱਖਣ ਪਹਿਚਾਣ ਰੱਖਦੀ ਨੌਜਵਾਨ ਗਾਇਕ ਜੋੜ੍ਹੀ ਦੀਪ ਢਿੱਲੋਂ-ਜੈਸਮੀਨ ਜੱਸੀ ਆਪਣੀ ਨਵੀਂ ਫ਼ਿਲਮ ‘ਛੱਤਰੀ’ ਦੁਆਰਾ ਇਕ ਵਾਰ ਫ਼ਿਰ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ। ਜੋ ਅੱਜਕਲ੍ਹ ਤੇਜੀ ਨਾਲ ਆਪਣੀ ਇਸ ਆਉਣ ਵਾਲੀ ਫ਼ਿਲਮ ਦੇ ਨਿਰਮਾਣ ਕਾਰਜ਼ ਨੇਪਰੇ ਚੜ੍ਹਾਉਣ ਵਿੱਚ ਰੁੱਝੇ ਹੋਏ ਹਨ। 'ਨਿਵਾਜ ਪ੍ਰੋਡੋਕਸ਼ਨ ਹਾਊਸ' ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਸੋਨੀ ਧਾਲੀਵਾਲ ਕਰ ਰਹੇ ਹਨ, ਜਦਕਿ ਨਿਰਮਾਣ ਖੁਦ ਦੀਪ ਢਿੱਲੋਂ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈ ਜਾ ਰਹੀ ਇਹ ਉਨ੍ਹਾਂ ਦੀ ਦੂਜੀ ਫ਼ਿਲਮ ਹੈ, ਜੋ ਇਸ ਤੋਂ ਪਹਿਲਾ ਸਿਮਰਜੀਤ ਹੁੰਦਲ ਨਿਰਦੇਸ਼ਿਤ ‘ਰੱਬਾ ਰੱਬਾ ਮੀਂਹ ਵਰਸਾ’ ਨਿਰਮਿਤ ਕਰ ਚੁੱਕੇ ਹਨ, ਜਿਸ ਵਿਚ ਉਨ੍ਹਾਂ ਵੱਲੋਂ ਲੀਡ ਭੂਮਿਕਾਵਾਂ ਵੀ ਨਿਭਾਈਆਂ ਗਈਆਂ ਸਨ।
ਮਾਲਵਾ ਦੇ ਫ਼ਿਰੋਜ਼ਪੁਰ ਅਤੇ ਆਸਪਾਸ ਦੇ ਹੋਰਨਾਂ ਇਲਾਕਿਆਂ ਵਿਚ ਸ਼ੂਟ ਕੀਤੀ ਜਾ ਰਹੀ ਇਸ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਵਿਸ਼ਵਾਨਾਥ ਪਰਜਾਪਤੀ ਹਨ, ਜਕਿ ਫ਼ਿਲਮ ’ਚ ਸਰਦਾਰ ਸੋਹੀ, ਮਲਕੀਤ ਰੋਣੀ, ਦਿਲਾਵਰ ਸਿੱਧੂ , ਸਤਿੰਦਰ ਧੀਮਾਨ, ਵਕੀਲਾ ਮਾਨ, ਹਰਿੰਦਰ ਭੁੱਲਰ, ਕੁਲਬੀਰ ਸੋਨੀ ਅਤੇ ਰਾਜ ਧਾਲੀਵਾਲ ਆਦਿ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।
ਪੰਜਾਬੀ ਸੰਗੀਤ ਖੇਤਰ ’ਚ ਵੀ ਲਗਾਤਾਰ ਸਰਗਰਮ ਇਸ ਜੋੜ੍ਹੀ ਵੱਲੋਂ ਬੀਤੇ ਦਿਨ੍ਹੀਂ ਹੀ ਵਿਚ ਆਪਣਾ ਨਵਾਂ ਗੀਤ ‘ਛੜ੍ਹਾ ਕਰਤਾਰਾ’ ਮਿਊਜ਼ਿਕ ਮਾਰਕੀਟ ’ਚ ਜਾਰੀ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਅਤੇ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡਾ ਅਤੇ ਹੋਰਨਾਂ ਮੁਲਕਾਂ ਵਿਚ ਵੀ ਇੰਨ੍ਹਾਂ ਵੱਲੋਂ ਲਗਾਤਾਰ ਵੱਡੇ ਸੋਅਜ਼ ਵਿਚ ਆਪਣੀ ਸਫ਼ਲ ਮੌਜੂਦਗੀ ਦਰਜ਼ ਕਰਵਾਈ ਜਾ ਰਹੀ ਹੈ। ਉਕਤ ਫ਼ਿਲਮ ਦੀ ਸ਼ੂਟਿੰਗ ਲਗਭਗ ਮੁਕੰਮਲ ਹੋ ਚੁੱਕੀ ਹੈ, ਜਿਸ ਤੋਂ ਬਾਅਦ ਇਸ ਦੇ ਪੋਸਟ ਪ੍ਰੋਡੋਕਸ਼ਨ ਆਦਿ ਕਾਰਜ ਵੀ ਅਗਲੇ ਦਿਨ੍ਹੀਂ ਸ਼ੁਰੂ ਕੀਤੇ ਜਾ ਰਹੇ ਹਨ।
ਦੀਪ ਢਿਲੋਂ ਅਤੇ ਜੈਸਮੀਨ ਜੱਸੀ ਬਾਰੇ: ਦੀਪ ਢਿਲੋਂ ਦੀ ਪਹਿਲੀ ਐਲਬਮ 'ਜੱਟ ਦੀ ਟੌਹਰ' ਇੱਕ ਸੁਪਰ ਹਿੱਟ ਪੰਜਾਬੀ ਐਲਬਮ ਸੀ, ਜਿਸ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੁਰਲੇਜ਼ ਅਖਤਰ ਨੇ ਸਹਿ ਗਾਇਕ ਵਜੋਂ ਪੇਸ਼ਕਾਰੀ ਕੀਤੀ, ਇਸ ਤੋਂ ਬਾਅਦ ਉਸਨੇ ਕਈ ਐਲਬਮਾਂ ਰਿਕਾਰਡ ਕੀਤੀਆਂ ਜੋ ਸੁਪਰ ਹਿੱਟ ਵੀ ਹੋਈਆਂ। ਉਸਨੇ ਮਸ਼ਹੂਰ ਪੰਜਾਬੀ ਗਾਇਕ ਸੁਦੇਸ਼ ਕੁਮਾਰੀ ਨਾਲ ਵੀ ਪਰਫਾਰਮ ਕੀਤਾ। ਹੁਣ ਉਹ ਆਪਣੀ ਪਤਨੀ ਅਤੇ ਗਾਇਕਾ ਜੈਸਮੀਨ ਜੱਸੀ ਨਾਲ ਗਾਉਂਦੇ ਹਨ।
ਹੁਣ ਜੇਕਰ ਜੈਸਮੀਨ ਜੱਸੀ ਬਾਰੇ ਗੱਲ਼ ਕਰੀਏ ਤਾਂ ਜੱਸੀ ਇੱਕ ਚੋਟੀ ਦੀ ਪੰਜਾਬੀ ਗਾਇਕਾ ਅਤੇ ਅਦਾਕਾਰਾ ਹੈ। ਉਸਨੇ ਕਈ ਫਿਲਮਾਂ ਅਤੇ ਬਹੁਤ ਸਾਰੇ ਗੀਤਾਂ ਵਿੱਚ ਨਜ਼ਰ ਆ ਚੁੱਕੀ ਹੈ। ਗਾਇਕਾ ਨੇ ਗੀਤ "ਬੇਬੇ ਲਿਬੜੀ ਤਿੱਬੜੀ" ਨਾਲ ਪੰਜਾਬੀ ਸੰਗੀਤ ਜਗਤ ਵਿੱਚ ਪੈਰ ਰੱਖਿਆ ਸੀ। ਫਿਰ ਮੁੜ ਕੇ ਨਹੀਂ ਦੇਖਿਆ। ਤੁਹਾਨੂੰ ਦੱਸ ਦਈਏ ਜਸਮੀਨ ਜੱਸੀ ਅਤੇ ਢਿੱਲੋਂ ਦੀ ਗੁਣਤਾਸ ਨਾਮ ਦੀ ਇੱਕ ਖੂਬਸੂਰਤ ਧੀ ਵੀ ਹੈ। ਜਿਸ ਦੀਆਂ ਤਸਵੀਰਾਂ ਗਾਇਕਾ ਆਏ ਦਿਨ ਸਾਂਝੀਆਂ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: Punjabi movies releasing in March 2023: ਹੋ ਜਾਓ ਤਿਆਰ, ਇਸ ਮਾਰਚ ਹੋਵੇਗਾ ਡਬਲ ਧਮਾਕਾ, ਰਿਲੀਜ਼ ਹੋਣਗੀਆਂ ਇਹ ਪੰਜ ਫਿਲਮਾਂ