ਚੰਡੀਗੜ੍ਹ: ਨਿਰਦੇਸ਼ਕ ਅੰਬਰਦੀਪ ਸਿੰਘ ਪੰਜਾਬੀ ਸਿਨੇਮਾ ਦੇ ਬੇਹਤਰੀਨ ਲੇਖਕਾਂ ਅਤੇ ਅਜ਼ੀਮ ਨਿਰਦੇਸ਼ਕਾਂ ਵਿੱਚ ਆਪਣਾ ਨਾਮ ਕਰਵਾ ਚੁੱਕੇ ਹਨ, ਜੋ ਕੁੱਝ ਸਿਨੇਮਾ ਅੰਤਰਾਲ ਬਾਅਦ ਆਪਣੀ ਨਵੀਂ ਪੰਜਾਬੀ ਫਿਲਮ 'ਮਿੱਠੜੇ' ਦਾ ਨਿਰਦੇਸ਼ਨ ਕਰਨ ਜਾ ਰਹੇ ਹਾਂ, ਜਿਸ ਦਾ ਸਕਰੀਨ ਪਲੇਅ-ਡਾਇਲਾਗ ਲੇਖਣ ਵੀ ਉਹਨਾਂ ਦੁਆਰਾ ਹੀ ਕੀਤਾ ਜਾਵੇਗਾ।
'ਅੰਬਰਦੀਪ ਪ੍ਰੋਡੋਕਸ਼ਨਜ' ਦੇ ਬੈਨਰ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਵਿੱਚ ਪੰਜਾਬੀ ਸਿਨੇਮਾ ਦੀਆਂ ਦੋ ਖੂਬਸੂਰਤ ਅਤੇ ਪ੍ਰਤਿਭਾਵਾਨ ਸੁੰਦਰੀਆਂ ਤਾਨੀਆ ਅਤੇ ਰੂਪੀ ਗਿੱਲ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੀਆਂ, ਜਿਨਾਂ ਨਾਲ ਇੱਕ ਨਵਾਂ ਚਿਹਰਾ ਲਕਸ਼ਜੀਤ ਸਿੰਘ ਵੀ ਇਸ ਫਿਲਮ ਦੁਆਰਾ ਸ਼ਾਨਦਾਰ ਸਿਨੇਮਾ ਪਾਰੀ ਵੱਲ ਵਧੇਗਾ।
ਪੰਜਾਬ ਦੇ ਪੁਰਾਤਨ ਵਿਰਸੇ ਅਤੇ ਸਨੇਹ ਪੂਰਨ ਰਹੇ ਆਪਸੀ ਭਾਵਨਾਤਮਕ ਰਿਸ਼ਤਿਆਂ ਦੀਆਂ ਬਾਤਾਂ ਪਾਉਣ ਜਾ ਰਹੀ ਉਕਤ ਫਿਲਮ ਦੇ ਜਾਰੀ ਕੀਤੇ ਗਏ ਲੁੱਕ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਅੰਬਰਦੀਪ ਦੀਆਂ ਸਾਹਮਣੇ ਲਿਆਂਦੀਆਂ ਜਾ ਚੁੱਕੀਆਂ ਪਿਛਲੀਆਂ ਫਿਲਮਾਂ ਦੀ ਤਰ੍ਹਾਂ ਇਹ ਫਿਲਮ ਵੀ ਰੰਗਲੇ ਪੰਜਾਬ ਦੀਆਂ ਰਾਹਾਂ ਦੇ ਦੀਦਾਰ ਮੁੜ ਕਰਵਾਉਂਦਿਆਂ ਗੁਆਚੇ ਅਸਲ ਅਤੀਤ ਦੀਆਂ ਯਾਦਾਂ ਦੇ ਪੰਨੇ ਵੀ ਖੋਲੇਗੀ।
ਪਾਲੀਵੁੱਡ ਦੀਆਂ ਅਗਾਮੀ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਆਪਣੀ ਮੌਜੂਦਗੀ ਦਰਜ਼ ਕਰਵਾਉਣ ਜਾ ਰਹੀ ਇਸ ਫਿਲਮ ਦਾ ਸੰਗੀਤ ਅਵੀ ਸਰਾਂ ਤਿਆਰ ਕਰਨਗੇ, ਜਦ ਕਿ ਇਸ ਦੇ ਬੋਲ ਹੈਪੀ ਰਾਏਕੋਟੀ, ਵੀਰ ਸਿੰਘ, ਚਰਨ ਲਿਖਾਰੀ ਕਲਮਬੱਧ ਕਰਨਗੇ, ਜਿੰਨਾਂ ਵੱਲੋਂ ਲਿਖੇ ਬੇਸ਼ੁਮਾਰ ਗੀਤ ਲੋਕ ਮਨਾਂ ਵਿੱਚ ਅਮਿਟ ਛਾਪ ਛੱਡਦਿਆਂ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਨਵੇਂ ਵਰ੍ਹੇ ਦੇ ਅਗਾਜ਼ ਨਾਲ ਹੀ ਪ੍ਰਭਾਵੀ ਵਜ਼ੂਦ ਪੜਾਅ ਵੱਲ ਵਧਣ ਜਾ ਰਹੀ ਨਾਲ ਇਸ ਫਿਲਮ ਦੇ ਪ੍ਰੋਡੋਕਸ਼ਨ ਡਿਜ਼ਾਈਨਰ ਰਾਸ਼ਿਦ ਰੰਗਰੇਜ਼, ਕਾਰਜਕਾਰੀ ਨਿਰਮਾਤਾ ਹਰਦੀਪ ਸਿੰਘ ਅਤੇ ਕ੍ਰਿਏਟਿਵ ਨਿਰਮਾਤਾ ਮਨੋਜ ਸੱਭਰਵਾਲ ਹਨ, ਜੋ ਛੋਟੇ ਪਰਦੇ ਦੇ 'ਕਾਮੇਡੀ ਕਲਾਸਿਸ', 'ਇੰਟਰਟੇਨਮੈਂਟ ਕੀ ਰਾਤ' ਆਦਿ ਜਿਹੇ ਕਈ ਵੱਡੇ ਅਤੇ ਸਫਲ ਸ਼ੋਅਜ ਨਾਲ ਬਤੌਰ ਲੇਖਕ ਜੁੜੇ ਰਹਿਣ ਦੇ ਨਾਲ ਕਈ ਫਿਲਮਾਂ ਨੂੰ ਚਾਰ ਚੰਨ ਲਾਉਣ ਦਾ ਮਾਣ ਹਾਸਿਲ ਕਰ ਚੁੱਕੇ ਹਨ, ਜਿੰਨਾਂ ਦੇ ਦੁਆਰਾ ਸਾਹਮਣੇ ਲਿਆਂਦੀ ਗਈ ਹਾਲੀਆਂ ਅਤੇ ਜੀ5 'ਤੇ ਆਨ ਸਟਰੀਮ ਹੋਈ ਸੁਨੀਲ ਗਰੋਵਰ ਅਤੇ ਸਤੀਸ਼ ਸ਼ਾਹ ਸਟਾਰਰ 'ਯੂਨਾਈਟਡ ਕੱਚੇ' ਕਾਫ਼ੀ ਸਫਲਤਾ-ਸ਼ਲਾਂਘਾ ਅਤੇ ਕਾਮਯਾਬੀ ਹਾਸਿਲ ਕਰਨ ਵਿਚ ਸਫ਼ਲ ਰਹੀ ਹੈ।