ਚੰਡੀਗੜ੍ਹ: ਦੂਰਦਰਸ਼ਨ ਜਲੰਧਰ ਤੋਂ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਦਿਆਂ ਪੜ੍ਹਾਅ ਦਰ ਪੜ੍ਹਾਅ ਪੰਜਾਬੀ ਅਤੇ ਹਿੰਦੀ ਸਿਨੇਮਾ ਵਿਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ ਮੰਝੇ ਹੋਏ ਅਦਾਕਾਰ ਗੁਰਪ੍ਰੀਤ ਘੁੱਗੀ, ਜਿੰਨ੍ਹਾਂ ਵੱਲੋਂ ਹੁਣ ਫਿਲਮ ਨਿਰਮਾਣ ਵੱਲ ਕਦਮ ਵਧਾਉਂਦਿਆਂ ਆਪਣੀ ਪਲੇਠੀ ਪੰਜਾਬੀ ਫਿਲਮ ‘ਫ਼ਰਲੋ’ ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਦਾ ਪਹਿਲਾਂ ਸ਼ਡਿਊਲ ਮੁਕੰਮਲ ਕਰ ਲਿਆ ਗਿਆ ਹੈ।
‘ਗੁਰਪ੍ਰੀਤ ਘੁੱਗੀ ਪ੍ਰੋਡੋਕਸ਼ਨਜ਼’ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਪ੍ਰਤਿਭਾਵਾਨ ਅਤੇ ਨੌਜਵਾਨ ਫਿਲਮਕਾਰ ਵਿਕਰਮ ਗਰੋਵਰ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ ਇਕ ਹੋਰ ਪਰਿਵਾਰਿਕ-ਡਰਾਮਾ ਪੰਜਾਬੀ ਫਿਲਮ ‘ਸੰਨ ਆਫ਼ ਮਨਜੀਤ ਸਿੰਘ’ ਦਾ ਨਿਰਦੇਸ਼ਨ ਕਰ ਚੁੱਕੇ ਹਨ।
![ਫਿਲਮ ‘ਫ਼ਰਲੋ’](https://etvbharatimages.akamaized.net/etvbharat/prod-images/18-08-2023/pb-fdk-10034-05-after-acting-actor-gurpreet-ghuggi-started-new-beginning-as-producer_18082023140844_1808f_1692347924_691.jpg)
ਚੰਡੀਗੜ੍ਹ, ਜਲੰਧਰ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ੂਟ ਕੀਤੀ ਜਾਣ ਵਾਲੀ ਇਸ ਫਿਲਮ ਦਾ ਲੇਖਨ ਗੁਰਲਵ ਸਿੰਘ ਰਟੌਲ ਅਤੇ ਪਰਵਿੰਦਰ ਸਿੰਘ ਦੁਆਰਾ ਕੀਤਾ ਜਾ ਰਿਹਾ ਹੈ। ਪੰਜਾਬੀ ਸਿਨੇਮਾ ਲਈ ਮੇਨ ਸਟਰੀਮ ਫਿਲਮਾਂ ਤੋਂ ਅਲਹਦਾ ਹੱਟ ਕੇ ਬਣਾਈਆਂ ਜਾ ਰਹੀਆਂ ਆਫ਼ ਬੀਟ ਫਿਲਮਾਂ ਵਿਚ ਸ਼ਾਮਿਲ ਹੋਣ ਜਾ ਰਹੀ ਇਸ ਫਿਲਮ ਦੀ ਸਟਾਰਕਾਸਟ ਵਿਚ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਲਵ ਗਿੱਲ, ਗੁਰਿੰਦਰ ਮਕਨਾ, ਹਨੀ ਮੱਟੂ ਆਦਿ ਵੀ ਸ਼ਾਮਿਲ ਹਨ, ਜਿੰਨ੍ਹਾਂ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਹੋਰ ਮੰਨੇ ਪ੍ਰਮੰਨੇ ਕਲਾਕਾਰ ਵੀ ਇਸ ਫਿਲਮ ਵਿਚ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ।
- Punjabi Film Furlow: ਪੰਜ ਸਾਲ ਬਾਅਦ ਫਿਰ ਇੱਕ ਇੱਕਠੇ ਕੰਮ ਕਰਦੇ ਨਜ਼ਰ ਆਉਣਗੇ ਗੁਰਪ੍ਰੀਤ ਘੁੱਗੀ-ਵਿਕਰਮ ਗਰੋਵਰ, ਫਿਲਮ 'ਫ਼ਰਲੋ' ਦੀ ਸ਼ੂਟਿੰਗ ਹੋਈ ਸ਼ੁਰੂ
- Buhe Bariyan Trailer Out: ਰਿਲੀਜ਼ ਹੋਇਆ ਨੀਰੂ ਬਾਜਵਾ ਦੀ ਫਿਲਮ 'ਬੂਹੇ ਬਾਰੀਆਂ' ਦਾ ਟ੍ਰੇਲਰ, ਦੇਖੋ ਅਦਾਕਾਰਾ ਦਾ ਦਮਦਾਰ ਲੁੱਕ
- Short Punjabi Film Tahli: ਲਘੂ ਪੰਜਾਬੀ ਫਿਲਮ ‘ਟਾਹਲੀ’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਅਮਨ ਮਹਿਮੀ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ
ਉਕਤ ਫਿਲਮ ਨਾਲ ਪੰਜਾਬੀ ਸਿਨੇਮਾ ’ਚ ਆਪਣੀ ਇਕ ਹੋਰ ਨਿਰਦੇਸ਼ਨ ਪਾਰੀ ਦੀ ਪ੍ਰਭਾਵੀ ਸ਼ੁਰੂਆਤ ਕਰਨ ਜਾ ਰਹੇ ਨਿਰਦੇਸ਼ਕ ਵਿਕਰਮ ਗਰੋਵਰ ਅਨੁਸਾਰ ਬਹੁਤ ਹੀ ਦਿਲਚਸਪ ਵਿਸ਼ੇ ਅਤੇ ਕਾਮੇਡੀ ਰੰਗਾਂ ਨਾਲ ਭਰਪੂਰ ਕਹਾਣੀ ਆਧਾਰਿਤ ਇਸ ਫਿਲਮ ਦੇ ਕੈਮਰਾਮੈਨ ਨੀਟੂ ਇਕਬਾਲ ਸਿੰਘ ਹਨ, ਜਿੰਨ੍ਹਾਂ ਦੀ ਸ਼ਾਨਦਾਰ ਸਿਨੇਮਾਟੋਗ੍ਰਾਫ਼ਰੀ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ।
![ਗੁਰਪ੍ਰੀਤ ਘੁੱਗੀ](https://etvbharatimages.akamaized.net/etvbharat/prod-images/18-08-2023/pb-fdk-10034-05-after-acting-actor-gurpreet-ghuggi-started-new-beginning-as-producer_18082023140844_1808f_1692347924_207.jpg)
ਉਨ੍ਹਾਂ ਦੱਸਿਆ ਕਿ ਫਿਲਮ ਦੇ ਪਹਿਲੇ ਸ਼ਡਿਊਲ ਨੂੰ ਪੂਰਾ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਇਸ ਫਿਲਮ ਦੇ ਅਗਲੇ ਅਤੇ ਸਟਾਰਟ ਟੂ ਫ਼ਿਨਿਸ਼ ਆਖ਼ਰੀ ਸ਼ਡਿਊਲ ਨੂੰ ਵੀ ਜਲਦੀ ਹੀ ਸੰਪੂਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੀ ਨਿਰਦੇਸ਼ਿਤ ਫਿਲਮ ਦੀ ਤਰ੍ਹਾਂ ਇਸ ਫਿਲਮ ਵਿਚ ਮਿਆਰੀ ਸਿਨੇਮਾ ਸਿਰਜਣ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ ਤਾਂ ਕਿ ਹਰ ਵਰਗ ਅਤੇ ਪਰਿਵਾਰ ਇਸ ਨੂੰ ਇਕੱਠਿਆਂ ਬੈਠ ਕੇ ਵੇਖ ਸਕੇ।
ਛੋਟੇ ਪਰਦੇ ਦੇ ਨਾਮਵਰ ਸਟੈਂਡਅੱਪ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਸ਼ੇਸ਼ ਨਿਰਮਾਣ ਪ੍ਰਬੰਧਨ ਸਹਿਯੋਗ ਅਧੀਨ ਪੂਰੀ ਕੀਤੀ ਜਾ ਰਹੀ ਇਸ ਫਿਲਮ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਨਿਰਦੇਸ਼ਕ ਵਿਰਕਮ ਗਰੋਵਰ ਨੇ ਦੱਸਿਆ ਕਿ ਫਿਲਮ ਦੀ ਕਹਾਣੀ, ਸਕਰੀਨ ਪਲੇ ਤੋਂ ਇਲਾਵਾ ਇਸ ਫਿਲਮ ਦਾ ਗੀਤ ਸੰਗੀਤ ਪੱਖ ਵੀ ਬੇਹੱਦ ਉਮਦਾ ਰੱਖਿਆ ਜਾ ਰਿਹਾ ਹੈ, ਜਿਸ ਦੇ ਨਾਲ ਨਾਲ ਹੋਰਨਾਂ ਤਕਨੀਕੀ ਪਹਿਲੂਆਂ ਨੂੰ ਬੇਹਤਰੀਨ ਰੂਪ ਦੇਣ ਲਈ ਜੀਅ ਜਾਨ ਮਿਹਨਤ ਪੂਰੀ ਟੀਮ ਵੱਲੋਂ ਕੀਤੀ ਜਾ ਰਹੀ ਹੈ, ਜਿਸ ਨੂੰ ਵੇਖਦਿਆਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਪੰਜਾਬੀ ਸਿਨੇਮਾ ਦੀਆਂ ਬੇਹਤਰੀਨ ਅਤੇ ਅਲਹਦਾ ਕੰਟੈਂਟ ਆਧਾਰਿਤ ਫਿਲਮਾਂ ਵਿਚ ਆਪਣਾ ਸ਼ੁਮਾਰ ਕਰਵਾਉਣ ਵਿਚ ਜਰੂਰ ਸਫ਼ਲ ਰਹੇਗੀ।