ਚੰਡੀਗੜ੍ਹ: ਹਿੰਦੀ ਅਤੇ ਸਾਊਥ ਸਿਨੇਮਾ ਦੇ ਨਾਲ-ਨਾਲ ਪੰਜਾਬੀ ਫਿਲਮਾਂ ਵਿਚ ਵੀ ਬਤੌਰ ਅਦਾਕਾਰਾ ਮਜ਼ਬੂਤ ਪੈੜ੍ਹਾਂ ਸਿਰਜਣ ਅਤੇ ਨਵੇਂ ਆਯਾਮ ਕਾਇਮ ਕਰਨ ਵੱਲ ਵੱਧ ਰਹੀ ਹੈ ਅਦਾਕਾਰਾ ਪਾਇਲ ਰਾਜਪੂਤ, ਜੋ ਲੰਮੇ ਸਮੇਂ ਬਾਅਦ ਆਪਣੀ ਨਵੀਂ ਪੰਜਾਬੀ ਫਿਲਮ ‘ਡੈਡੀ ਓ ਡੈਡੀ’ ਦੁਆਰਾ ਇਕ ਵਾਰ ਫਿਰ ਪੰਜਾਬੀ ਸਿਨੇਮਾ ਇੰਡਸਟਰੀ ਵਿਚ ਆਪਣੇ ਸ਼ਾਨਦਾਰ ਅਭਿਨੈ ਦੀ ਧਾਂਕ ਜਮਾਉਣ ਆ ਰਹੀ ਹੈ, ਜੋ ਇੰਨ੍ਹੀਂ ਦਿਨੀਂ ਲੰਦਨ ਵਿਖੇ ਆਪਣੀ ਇਸ ਨਵੀਂ ਫਿਲਮ ਦਾ ਸ਼ੂਟ ਮੁਕੰਮਲ ਕਰ ਰਹੀ ਹੈ।
ਪੰਜਾਬੀ ਸਿਨੇਮਾ ਦੇ ਉਚਕੋਟੀ ਨਿਰਦੇਸ਼ਕਾਂ ਵਿਚ ਆਪਣਾ ਸ਼ੁਮਾਰ ਕਰਵਾਉਂਦੇ ਸਮੀਪ ਕੰਗ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਉਕਤ ਫਿਲਮ ਵਿਚ ਇਹ ਅਦਾਕਾਰਾ ਲੀਡ ਭੂਮਿਕਾ ਵਿਚ ਨਜ਼ਰ ਆਵੇਗੀ, ਜਿੰਨ੍ਹਾਂ ਅਨੁਸਾਰ ਕਾਮੇਡੀ ਡਰਾਮਾ ਆਧਾਰਿਤ ਇਸ ਫਿਲਮ ਵਿਚ ਜਸਵਿੰਦਰ ਭੱਲਾ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ ਜਿਹੇ ਦਿੱਗਜ ਸਟਾਰਜ਼ ਨਾਲ ਕਾਫ਼ੀ ਅਹਿਮ ਅਤੇ ਲੀਡਿੰਗ ਭੂਮਿਕਾ ਨਿਭਾਉਣ ਦਾ ਅਵਸਰ ਮਿਲਿਆ ਹੈ, ਜੋ ਬਹੁਤ ਹੀ ਚੁਣੌਤੀਪੂਰਨ ਅਤੇ ਮੇਰੇ ਹੁਣ ਤੱਕ ਨਿਭਾਏ ਮੇਨ ਸਟਰੀਮ ਕਿਰਦਾਰਾਂ ਨਾਲੋਂ ਕਾਫ਼ੀ ਅਲਹਦਾ ਹੈ ਅਤੇ ਇਸ ਵਿਚ ਕਾਮੇਡੀ ਟੱਚ ਵੀ ਸ਼ਾਮਿਲ ਹੈ।
ਹਾਲ ਹੀ ਵਿਚ ਦੱਖਣੀ ਭਾਰਤੀ ਸਿਨੇਮਾ ਦੀਆਂ ‘ਆਰਐਕਸ 100’, ‘ਐਨਟੀਆਰ ਕਥਾਇਆਕੁਦੂ’, ‘ਆਰਡੀਐਕਸ ਲਵ’, ‘ਇਰਵਰ ਓਲਮ‘, ‘ਤੀਸ ਮਾਰ ਖ਼ਾ’, ‘ਮਾਇਆਪਤੀਕਾ’ ਆਦਿ ਜਿਹੀਆਂ ਕਈ ਬਹੁਚਰਚਿਤ ਅਤੇ ਮਲਟੀਸਟਾਰਰ ਫਿਲਮਾਂ ਦਾ ਪ੍ਰਭਾਵੀ ਹਿੱਸਾ ਬਣਨ ਵਿਚ ਸਫ਼ਲ ਰਹੀ ਇਸ ਅਦਾਕਾਰਾ ਲਈ ਸਾਊਥ ਸਿਨੇਮਾ ਨਾਲ ਜੁੜਨਾ ਕਿਸ ਤਰ੍ਹਾਂ ਦਾ ਅਨੁਭਵ ਰਿਹਾ, ਪੁੱਛੇ ਇਸ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦੱਸਿਆ ਕਿ ਬਹੁਤ ਹੀ ਸ਼ਾਨਦਾਰ, ਬੇਹੱਦ ਪ੍ਰੋਫੋਸ਼ਨਲ ਅਤੇ ਗਿਣੇ ਮਿੱਥੇ ਸ਼ਡਿਊਲ ਅਧੀਨ ਕੰਮ ਕਰਦੀ ਹੈ ਉਥੋਂ ਦੀ ਇੰਡਸਟਰੀ, ਜਿੰਨ੍ਹਾਂ ਵੱਲੋਂ ਕਦੇ ਵੀ ਕਿਸੇ ਕਲਾਕਾਰ ਨੂੰ ਆਪਣੇ ਵੱਡੀ ਸਿਨੇਮਾ ਪੁਜ਼ੀਸਨ ਦਾ ਅਹਿਸਾਸ ਕਦੇ ਨਹੀਂ ਕਰਵਾਇਆ ਜਾਂਦਾ ਅਤੇ ਇਹੀ ਕਾਰਨ ਹੈ ਕਿ ਹਿੰਦੀ ਅਤੇ ਹੋਰ ਬਹੁਭਾਸ਼ਾਈ ਸਿਨੇਮਾ ਨਾਲ ਜੁੜਿਆ ਹਰ ਕਲਾਕਾਰ ਇਸ ਇੰਡਸਟਰੀ ਨਾਲ ਜੁੜਨਾ ਲੋਚਦਾ ਰਹਿੰਦਾ ਹੈ।
- 10 ਦਿਨਾਂ 'ਚ 400 ਕਰੋੜ ਦੇ ਕਰੀਬ ਪਹੁੰਚੀ 'ਗਦਰ 2', ਸੰਨੀ-ਅਮੀਸ਼ਾ ਨੇ ਨਿਰਮਾਤਾ ਨਾਲ ਮਨਾਇਆ ਜਸ਼ਨ, ਵੀਡੀਓ
- Fer Mamlaa Gadbad Hai: ਨਿੰਜਾ ਦੀ ਫਿਲਮ 'ਫੇਰ ਮਾਮਲਾ ਗੜਬੜ ਹੈ' ਦਾ ਮਜ਼ੇਦਾਰ ਪੋਸਟਰ ਹੋਇਆ ਰਿਲੀਜ਼, ਫਿਲਮ ਇਸ ਅਕਤੂਬਰ ਹੋਵੇਗੀ ਰਿਲੀਜ਼
- ਸਿਨੇਮਾ ਖੇਤਰ ’ਚ ਨਵੇਂ ਆਗਾਜ਼ ਵੱਲ ਵਧੇ ਨਿਰਦੇਸ਼ਕ ਗੁਰਜੀਤ ਹੁੰਦਲ, ਵੈੱਬਸੀਰੀਜ਼ ‘ਯੈਂਕੀ’ ਦਾ ਪਲੇਠਾ ਲੁੱਕ ਕੀਤਾ ਰਿਲੀਜ਼
ਉਨ੍ਹਾਂ ਕਿਹਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਪਿਛਲੇ ਕੁਝ ਹੀ ਸਮੇਂ ਦੌਰਾਨ ਉਥੋਂ ਦੇ ਕਈ ਮੰਨੇ ਪ੍ਰਮੰਨੇ ਨਿਰਦੇਸ਼ਕਾਂ ਅਤੇ ਸਟਾਰਜ਼ ਨਾਲ ਲੀਡ ਭੂਮਿਕਾਵਾਂ ਨਿਭਾਉਣ ਦਾ ਮਾਣ ਮੇਰੇ ਹਿੱਸੇ ਆਇਆ ਹੈ, ਜਿਸ ਨਾਲ ਹਿੰਦੀ ਅਤੇ ਪੰਜਾਬੀ ਸਿਨੇਮਾ ਵਿਚ ਵੀ ਆਪਣੇ ਮਨਮਾਫ਼ਿਕ ਪ੍ਰੋਜੈਕਟ ਕਰਨ ਅਤੇ ਭੂਮਿਕਾਵਾਂ ਨੂੰ ਚੁਣਨ ਵਿਚ ਸਫ਼ਲ ਹੋ ਪਾ ਰਹੀ ਹਾਂ।
ਟੈਲੀਵਿਜ਼ਨ ਸੀਰੀਜ਼ ‘ਸਪਨੋਂ ਸੇ ਭਰੇ ਨੈਨਾਂ’ ਦੁਆਰਾ ਆਪਣੀ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਇਹ ਖੂਬਸੂਰਤ ਅਤੇ ਟੈਲੇਂਟਡ ਅਦਾਕਾਰਾ ਪੰਜਾਬੀ ਸਿਨੇਮਾ ਨੂੰ ਵੀ ਚਾਰ ਚੰਨ ਲਾਉਣ ਦਾ ਫ਼ਖਰ ਲਗਾਤਾਰ ਹਾਸਿਲ ਕਰ ਰਹੀ ਹੈ, ਜਿਸ ਦੇ ਹੁਣ ਤੱਕ ਦੇ ਫਿਲਮੀ ਸਫ਼ਰ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਕੀਤੀਆਂ ਪੰਜਾਬੀ ਫਿਲਮਾਂ ਵਿਚ ਗਿੱਪੀ ਗਰੇਵਾਲ ਸਟਾਰਰ 'ਸ਼ਾਵਾ ਨੀਂ ਗਿਰਧਾਰੀ ਲਾਲ', ਜੱਸੀ ਗਿੱਲ, ਰਣਜੀਤ ਬਾਵਾ ਨਾਲ ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’, ਸ਼ੈਰੀ ਮਾਨ ਨਾਲ ‘ਮੈਰਿਜ਼ ਪੈਲੇਸ’, ਨਿੰਜ਼ਾ ਨਾਲ ‘ਚੰਨਾ ਮੇਰਿਆ’, ਨਵ ਬਾਜਵਾ ਨਾਲ ‘ਇਸ਼ਕਾ’ ਆਦਿ ਸ਼ੁਮਾਰ ਰਹੀਆਂ ਹਨ।
ਹਿੰਦੀ ਫਿਲਮ 'ਵੀਰੇ ਕੀ ਵੈਡਿੰਗ' ਦੁਆਰਾ ਬਾਲੀਵੁੱਡ ਗਲਿਆਰਿਆਂ ਵਿਚ ਵੀ ਚਰਚਾ ਹਾਸਿਲ ਕਰਨ ਵਿਚ ਸਫ਼ਲ ਰਹੀ ਇਸ ਅਦਾਕਾਰਾ ਨੇ ਆਪਣੇ ਆਗਾਮੀ ਸਿਨੇਮਾ ਪ੍ਰੋਜੈਕਟਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ‘ਡੈਡੀ ਓ ਡੈਡੀ’ ਦੀ ਸੰਪੂਰਨਤਾ ਤੋਂ ਬਾਅਦ ਕੁਝ ਹੋਰ ਪੰਜਾਬੀ ਫਿਲਮਾਂ ਵੀ ਕਰਨ ਜਾ ਰਹੀ ਹਾਂ, ਜਿੰਨ੍ਹਾਂ ਦਾ ਰਸਮੀ ਐਲਾਨ ਜਲਦ ਕੀਤਾ ਜਾ ਰਿਹਾ ਹੈ।