ਚੰਡੀਗੜ੍ਹ: ਹਾਲ ਹੀ ਵਿਚ ਪੰਜਾਬੀ ਓਟੀਟੀ ਪਲੇਟਫ਼ਾਰਮ 'ਤੇ ਰਿਲੀਜ਼ ਹੋਈ ‘ਪਿੰਡ ਚੱਕਾਂ ਦੇ ਸ਼ਿਕਾਰੀ' ਨਾਲ ਫਿਰ ਚਰਚਾ ਵਿਚ ਆਏ ਅਦਾਕਾਰ ਅਜੇ ਜੇਠੀ ਹੁਣ ਬਤੌਰ ਨਿਰਦੇਸ਼ਕ ਆਪਣੇ ਨਵੇਂ ਸਿਨੇਮਾ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ, ਜੋ ਜਲਦ ਆਪਣੀ ਨਵੀਂ ਪੰਜਾਬੀ ਫਿਲਮ ‘ਵਜੂਦ’ ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਣਗੇ।
ਇਸ ਫਿਲਮ ਸੰਬੰਧੀ ਅਪਣੇ ਮਨ ਦੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਪੰਜਾਬੀ ਅਤੇ ਹਿੰਦੀ ਸਿਨੇਮਾ ਵਿਚ ਸਰਗਰਮ ਅਦਾਕਾਰ ਅਜੇ ਜੇਠੀ ਆਖਦੇ ਹਨ ਕਿ ਨਿਰਦੇਸ਼ਕ ਦੇ ਤੌਰ 'ਤੇ ਕੀਤੀ ਗਈ ਇਹ ਫਿਲਮ ਕੇਵਲ ਮੇਰਾ ਹੀ ਨਹੀਂ, ਬਲਕਿ ਹਰ ਇਕ ਜਨੂੰਨੀ ਬੰਦੇ ਦਾ ਆਪਣਾ 'ਵਜੂਦ' ਦਰਸਾਏਗੀ।

ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮੇਰਾ ਸੁਫ਼ਨਾ ਵੀ ਹੈ ਅਤੇ ਨਵੀਂ ਯਾਤਰਾ ਦਾ ਮੁੱਢ ਵੀ, ਜਿਹਨੇ ਅਪਣੇ ਆਪ ਹੀ ਇਹ ਸਿਨੇਮਾ ਸਿਰਜਨ ਲਈ ਮੈਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਾਰੇ ਦੋਸਤਾਂ ਦਾ ਅਤੇ ਸਾਰੀ ਫਿਲਮ ਟੀਮ ਅਤੇ ਇਸ ਨਾਲ ਜੁੜੀ ਡਿਸਟੀਬਿਊਟਰਜ਼ ਕਮਿਊਨਿਟੀ ਦਾ, ਜਿਸ ਵਿਚ ‘ਇਨਫ਼ੈਟਰੀ ਪਿਕਚਰਜ਼’ ਅਤੇ ‘ਆਈ ਗਿੱਲ ਸਟੂਡੀਓਜ਼’ ਸ਼ਾਮਿਲ ਹਨ, ਜਿੰਨ੍ਹਾਂ ਨੇ ਇਹ ਸੁਪਨੇ ਨੂੰ ਪੂਰਾ ਕਰਨ ਵਿਚ ਤਨਦੇਹੀ ਨਾਲ ਮੇਰਾ ਸਾਥ ਦਿੱਤਾ।

ਉਨ੍ਹਾਂ ਨੇ ਅੱਗੇ ਲਿਖਿਆ 'ਇਸ ਤੋਂ ਇਲਾਵਾ ‘ਡਿਸਕਵਰ ਬੀਟਸ’ ਦਾ ਵੀ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹਾਂ, ਜਿੰਨ੍ਹਾਂ ਵੱਲੋਂ ਸਿਰਜੇ ਇਸ ਫਿਲਮ ਦੇ ਸੁਰੀਲੇ ਅਤੇ ਮਨਮੋਹਕ ਮਿਊਜ਼ਿਕ ਨੇ ਹੁਣੇ ਤੋਂ ਹੀ ਆਪਣਾ ਅਸਰ ਸਿਨੇਮਾ ਅਤੇ ਸੰਗੀਤ ਗਲਿਆਰਿਆਂ ਵਿਚ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਫਿਲਮ 14 ਜੁਲਾਈ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ, ਜਿਸ ਦਾ ਰਸਮੀ ਲੁੱਕ ਵੀ ਜਲਦ ਜਾਰੀ ਕਰ ਦਿੱਤਾ ਜਾਵੇਗਾ। ਮਸ਼ਾਲ ਲਾਈਫ਼ ਫ਼ਿਲਮਜ਼ ਇਨ ਐਸੋਸੀਏਸ਼ਨ ਵਿਦ ਡਿਸਕਵਰ ਬੀਟਸ ਦੇ ਬੈਨਰ ਅਧੀਨ ਬਣਾਈ ਗਈ ਇਸ ਫਿਲਮ ਦੀ ਕਹਾਣੀ ਇਕ ਅਜਿਹੇ ਨੌਜਵਾਨ 'ਤੇ ਕੇਂਦਰਿਤ ਹੈ, ਜੋ ਆਪਣੀਆਂ ਜੜ੍ਹਾਂ ਤੋਂ ਦੂਰ ਤਾਂ ਹੋ ਜਾਂਦਾ ਹੈ, ਪਰ ਆਖਰ ਇਕ ਦਿਨ ਫਿਰ ਉਸ ਨੂੰ ਆਪਣੇ ਅਸਲ ਵਜੂਦ ਵੱਲ ਵਾਪਸ ਪਰਤਣਾ ਪੈਂਦਾ ਹੈ।

‘‘ਯਾਦ ਰੱਖੀਂ, ਜੜ ਨਾਲੋਂ ਟੁੱਟੇ ਦਰੱਖਤ ਨੂੰ ਕਦੇ ਫ਼ਲ ਨੀ ਲੱਗਦੇ’’ ਦੀ ਟੈਗਲਾਈਨ ਨਾਲ ਜਾਰੀ ਕੀਤੀ ਜਾ ਰਹੀ ਇਸ ਫਿਲਮ ਵਿਚ ਲੀਡ ਭੂਮਿਕਾ ਖ਼ੁਦ ਅਜੇ ਜੇਠੀ ਨਿਭਾ ਰਹੇ ਹਨ, ਜਿੰਨ੍ਹਾਂ ਨਾਲ ਚੰਦਨ ਗਿੱਲ, ਸੁਨੀਤਾ ਧੀਰ, ਸੰਜ਼ੂ ਸੋਲੰਕੀ, ਪ੍ਰਕਾਸ਼ ਗਾਧੂ, ਮਿੰਟੂ ਕਾਪਾ, ਗੁਰਤੇਜ ਸਿੰਘ, ਬਲਜਿੰਦਰ ਕੌਰ, ਸੁਖਵਿੰਦਰ ਰਾਜ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਫਿਲਮ ਦਾ ਲੇਖਨ-ਨਿਰਦੇਸ਼ਕ ਅਜੇ ਜੇਠੀ ਵੱਲੋਂ ਕੀਤਾ ਗਿਆ ਹੈ, ਜਦਕਿ ਮਿਊਜ਼ਿਕ ਕੇ.ਵੀ ਸਿੰਘ ਨੇ ਤਿਆਰ ਕੀਤਾ ਹੈ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਗੀਤਾਂ ਨੂੰ ਨਛੱਤਰ ਗਿੱਲ, ਕਮਲ ਖ਼ਾਨ, ਮੰਨਤ ਨੂਰ, ਕੰਵਰ ਗਰੇਵਾਲ, ਮਨਜੀਤ ਸੋਹੀ ਨੇ ਅਪਣੀ ਆਵਾਜ਼ ਦਿੱਤੀ ਹੈ।
ਫਿਲਮ ਦੇ ਗੀਤਕਾਰ ਲਖ਼ਵਿੰਦਰ ਸਿੰਘ ਲੱਕੀ ਅਤੇ ਹਰਪਾਲ ਸ਼ਾਮਲਾ, ਐਡੀਟਰ ਬੀ.ਰਾਮਪਾਲ, ਆਰਟ ਨਿਰਦੇਸ਼ਕ ਹਰਜੀਤ ਸਿੰਘ ਬਾਘਾ, ਲਾਈਨ ਨਿਰਮਾਤਾ ਹੰਸ ਮਾਥੁਰ ਅਤੇ ਕਾਰਜਕਾਰੀ ਨਿਰਮਾਤਾ ਨਰੇਸ਼ ਕੁਮਾਰ ਹਨ।
ਇਹ ਵੀ ਪੜ੍ਹੋ:Mankirt Aulakh: ਮਨਕੀਰਤ ਔਲਖ ਦੀ ਬਾਈਕ ਸਵਾਰ ਨੌਜਵਾਨਾਂ ਨੇ ਕੀਤੀ ਰੇਕੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ