ਫ਼ਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫ਼ਿਰੋਜ਼ਪੁਰ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਨੋਟ ਜਾਰੀ ਕਰ ਕੇ ਕਿਹਾ ਹੈ ਕਿ ਉਹ ਵੋਟਾਂ ਜਿੱਤਣ ਤੋਂ ਬਾਅਦ ਹਲਕੇ ਵਿੱਚ ਨਹੀਂ ਰਹਿਣਗੇ ਸਗੋਂ ਉਨ੍ਹਾਂ ਦੀ ਜਗ੍ਹਾ ਪਾਰਟੀ ਦੇ ਹਾਰੇ ਹੋਏ ਆਗੂ ਚਰਨਜੀਤ ਸਿੰਘ ਬਰਾੜ ਅਤੇ ਜਨਮੇਜਾ ਸੇਖੋਂ ਹਲਕੇ ਦੇ ਕੰਮ ਵੇਖਣਗੇ।
ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਵਰਕਰਾਂ ਵੱਲੋਂ ਫ਼ਿਰੋਜ਼ਪੁਰ ਸ਼ਹਿਰੀ ਅਤੇ ਸਮੁੱਚੇ ਜ਼ਿਲ੍ਹੇ ਵਿੱਚ ਤਸ਼ੱਦਦ ਤੇ ਧੱਕਿਆਂ ਦੇ ਖ਼ਿਲਾਫ਼ ਲੜਾਈ ਲੜਨ ਲਈ ਵਿਸ਼ੇਸ਼ ਤੌਰ 'ਤੇ ਕਿਸੇ ਵੀ ਸੀਨੀਅਰ ਆਗੂ ਦੀ ਡਿਊਟੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਲਈ ਵਰਕਰਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਜਨਮੇਜਾ ਸੇਖੋਂ ਦੀ ਡਿਊਟੀ ਹਫਤੇ ‘ਚ ਇੱਕ ਦਿਨ ਪੱਕੇ ਤੌਰ 'ਤੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਲਈ ਲਾਈ ਗਈ ਹੈ ਅਤੇ ਚਰਨਜੀਤ ਸਿੰਘ ਬਰਾੜ ਮਹੀਨੇ ‘ਚ 2 ਦਿਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕੰਮ ਵੇਖਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਸ ਰੀਲੀਜ਼ ਤੋਂ ਬਾਅਦ ਸਥਾਨਕ ਵੋਟਰਾਂ ਵਿੱਚ ਕੁਝ ਦੁਚਿੱਤੀ ਪੈਦਾ ਹੋ ਗਈ ਹੈ ਕਿ ਉਹ ਕਿਸ ਨੂੰ ਵੋਟ ਪਾਉਣ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਉਨ੍ਹਾਂ ਤੋਂ ਬਾਅਦ ਦੂਜੇ ਆਗੂ ਹਲਕੇ ਦੇ ਕੰਮ ਵੇਖਣਗੇ।
ਵੋਟਰ ਇਸ ਪ੍ਰੈਸ ਨੋਟ ਨੂੰ ਕਿਸ ਤਰੀਕੇ ਨਾਲ ਲੈਂਦੇ ਹਨ ਇਹ ਤਾਂ ਵੋਟਾਂ ਵਾਲੇ ਦਿਨ ਹੀ ਪਤਾ ਲੱਗੇਗਾ।