ਲੁਧਿਆਣਾ : ਸ਼ਹਿਰ ਦੇ ਉੱਤਰੀ ਭਾਗ ਦੇ ਮੁੱਖ ਆਗੂ ਅਤੇ 2017 ਦੌਰਾਨ ਭਾਜਪਾ ਉਮੀਦਵਾਰ ਵਿਰੁੱਧ ਚੋਣ ਲੜਣ ਵਾਲੇ ਚੌਧਰੀ ਮਦਨ ਲਾਲ ਬੱਗਾ ਨੇ ਬੀਤੇ ਦਿਨੀਂ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਮਦਨ ਲਾਲ ਬੱਗਾ ਨੂੰ ਪਾਰਟੀ 'ਚ ਸ਼ਾਮਲ ਕਰਵਾਉਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਸਿਰਪਾਓ ਦਿੱਤਾ ਅਤੇ ਕਿਹਾ ਕਿ ਮਦਨ ਲਾਲ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਲੁਧਿਆਣਾ ਤੋਂ 3 ਵਾਰ ਬਕਾਇਦਾ ਕੌਂਸਲਰ ਵੀ ਰਹਿ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਨ ਤੋਂ ਬਾਅਦ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਪਾਰਟੀ ਨੇ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਮੈਨੂੰ ਅਕਾਲੀ ਦਲ ਵਿੱਚ ਮੁੜ ਆਉਣ ਦਾ ਮੌਕਾ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ ਚੌਧਰੀ ਬੱਗਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ 'ਚ ਪ੍ਰਚਾਰ ਕਰਨਗੇ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਅਕਾਲੀ-ਭਾਜਪਾ ਵਿਰੁੱਧ ਛੇੜੇ ਸੰਘਰਸ਼ ਬਾਰੇ ਪੁੱਛੇ ਸਵਾਲ 'ਤੇ ਚੌਧਰੀ ਨੇ ਕਿਹਾ,"ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਹੈ, ਇਸ ਕਰ ਕੇ ਉਹ ਪੁਰਾਣੀਆਂ ਗੱਲਾਂ ਭੁੱਲ ਜਾਣਾ ਚਾਹੁੰਦੇ ਹਨ।" ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਪਾਰਟੀ 'ਚ ਉਨ੍ਹਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।