ਨਵੀਂ ਦਿੱਲੀ: ਕਾਂਗਰਸ ਨੇ ਪੰਜਾਬ ਦੇ 9 ਹਲਕਿਆਂ ਤੋਂ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ ਤੇ ਬਚੀਆਂ 4 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਪਾਰਟੀ ਨੇ ਸ਼ਨੀਵਾਰ ਨੂੰ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪਾਰਟੀ ਨੇ ਪੰਜਾਬ ਤੋਂ 3 ਹੋਰ ਉਮੀਦਵਾਰਾਂ ਦੇ ਨਾਂਅ ਐਲਾਨ ਦਿੱਤੇ ਹਨ, ਜਿਨ੍ਹਾਂ 'ਚੋਂ ਖਡੂਰ ਸਾਹਿਬ ਤੋਂ ਜਸਬੀਰ ਡਿੰਪਾ, ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਤੇ ਫਰੀਦਕੋਟ ਤੋਂ ਮੁਹੰਮਦ ਸਦੀਕ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਰਾਹੁਲ ਗਾਂਧੀ ਨਾਲ ਹੋਈ ਬੈਠਕ ਟਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ ਤੇ ਸੁਨੀਲ ਜਾਖੜ ਮੌਜੂਦ ਰਹੇ। ਰਾਹੁਲ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਦਿੱਲੀ ਸਥਿਤ ਕਪੂਰਥਲਾ ਹਾਊਸ ਗਏ ਤੇ ਉੱਥੇ ਰਾਣਾ ਗੁਰਮੀਤ ਸਿੰਘ ਸੋਢੀ, ਜਸਬੀਰ ਡਿੰਪਾ, ਕੇਵਲ ਢਿੱਲੋਂ ਤੇ ਬ੍ਰਹਿਮ ਮੋਹਿੰਦਰਾ ਉਨ੍ਹਾਂ ਨੂੰ ਮਿਲਣ ਲਈ ਉੱਥੇ ਪੁੱਜੇ।
ਉੱਥੇ ਹੀ ਫਿਰੋਜ਼ਪੁਰ, ਬਠਿੰਡਾ, ਅਨੰਦਪੁਰ ਸਾਹਿਬ, ਸੰਗਰੂਰ ਸੀਟ ਤੋਂ ਉਮੀਦਵਾਰਾਂ ਦਾ ਨਾਂਅ ਤੈਅ ਨਹੀਂ ਕੀਤਾ ਗਿਆ ਹੈ। ਖ਼ਬਰ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਫਿਰੋਜ਼ਪੁਰ ਤੋਂ ਉਮੀਦਵਾਰੀ ਲੈਣ ਦੇ ਇੱਛੁਕ ਹਨ। ਦੂਜੇ ਪਾਸੇ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾਰੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪੁੱਜੇ ਹਨ ਤੇ ਉਨ੍ਹਾਂ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ।