ਤਰਨਤਾਰਨ: ਪੱਟੀ ਨਜ਼ਦੀਕ ਇੱਕ ਰਿਜ਼ੋਰਟ ਦੇ ਅੰਦਰ ਅੱਜ ਛੁਪੇ ਲੁਟੇਰਿਆਂ ਅਤੇ ਪੁਲਿਸ ਵਿਚਕਾਰ ਮੁਠਭੇੜ ਹੋਈ ਹੈ। ਇੱਕ ਘੰਟਾ ਚੱਲੀ ਮੁਠਭੇੜ 'ਚ ਇੱਕ ਲੁਟੇਰੇ ਦੀ ਮੌਤ ਹੋ ਗਈ ਹੈ ਅਤੇ ਜ਼ਖ਼ਮੀ ਹੋਏ 4 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ।
ਇਸ ਗੋਲੀਬਾਰੀ ਦੌਰਾਨ ਹੋਮਗਾਰਡ ਦਾ ਜਵਾਨ ਸਰਬਜੀਤ ਸਿੰਘ ਵੀ ਜ਼ਖ਼ਮੀ ਹੋਇਆ ਹੈ। ਮੁਕਾਬਲੇ ਵਾਲੀ ਥਾਂ 'ਤੇ ਐਸਐਸਪੀ ਸਮੇਤ ਉੱਚ ਅਧਿਕਾਰੀ ਪਹੁੰਚੇ ਹੋਏ ਹਨ।
ਐਸਐਸਪੀ ਨੇ ਦੱਸਿਆ ਕਿ ਤਰਨਤਾਰਨ ਵਿੱਚ ਆਏ ਦਿਨ ਲੁਟੇਰੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਤੇ ਲੁਟੇਰਿਆਂ ਵਿਚਾਲੇ ਅੱਜ ਮੁਠਭੇੜ ਉਸ ਵੇਲੇ ਹੋਈ ਜਦੋਂ ਸਰਹਾਲੀ ਵਿਚੋਂ 5 ਲੁਟੇਰਿਆਂ ਨੇ ਦੋ ਕਾਰਾਂ ਦੀ ਲੁੱਟ-ਖੋਹ ਕੀਤੀ ਤੇ ਪੀੜਤ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਕਿਹਾ ਕਿ ਲੁਟੇਰੇ ਪੱਟੀ ਤਰਨਤਾਰਨ ਰੋਡ ਵੱਲ ਗਏ ਹਨ।
ਇਸ ਮਗਰੋਂ ਪੱਟੀ ਤਰਨ-ਤਾਰਨ ਰੋਡ ਉੱਤੇ ਲੁਟੇਰਿਆਂ ਨੇ ਪੁਲਿਸ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਦਕਿ ਪੁਲਿਸ ਨੇ ਜਵਾਬੀ ਗੋਲੀਬਾਰੀ ਵਿੱਚ 2 ਜ਼ਖ਼ਮੀ ਲੁਟੇਰੇ ਕਾਬੂ ਕਰ ਲਏ ਤੇ ਬਾਕੀ ਦੇ 3 ਲੁਟੇਰੇ ਪੱਟੀ ਦੇ ਮਾਹੀ ਰਿਜ਼ੋਰਟ ਵਿੱਚ ਲੁਕ ਗਏ। ਉਨ੍ਹਾਂ ਲੁਟੇਰਿਆਂ 'ਚੋਂ ਪੁਲਿਸ ਨੇ 2 ਹੋਰ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਇਸ ਲੁਟੇਰੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਉਨ੍ਹਾਂ ਦੱਸਿਆ ਕਿ ਲੁਟੇਰਿਆਂ ਕੋਲੋਂ ਪੁਲਿਸ ਨੂੰ ਇੱਕ ਲੱਖ ਰੁਪਏ ਦੀ ਨਕਦੀ ਦੇ ਕੁੱਝ ਹਥਿਆਰ ਅਤੇ ਨਸ਼ੇ ਬਰਾਮਦ ਹੋਏ ਹਨ।