ਪਠਾਨਕੋਟ: ਮੌਜੂਦਾ ਸਮੇਂ 'ਚ ਨੌਜਵਾਨ ਆਪਣੀ ਸਿਹਤ ਪ੍ਰਤੀ ਜਾਗਰੂਕ ਹਨ। ਖ਼ੁਦ ਨੂੰ ਫਿੱਟ ਰੱਖਣ ਲਈ ਲੋਕ ਜਿਮ ਜਾਂਦੇ ਹਨ, ਪਰ ਕੁੱਝ ਲੋਕ ਸਿਹਤ ਦੇ ਨਾਂਅ 'ਤੇ ਨੌਜਵਾਨਾਂ ਨੂੰ ਨਸ਼ਾ ਵੇਚਦੇ ਹਨ। ਅਜਿਹਾ ਹੀ ਮਾਮਲਾ ਪਠਾਨਕੋਟ ਦੇ ਮੁਹੱਲਾ ਬਜਰੀ ਕੰਪਨੀ ਵਿਖੇ ਸਾਹਮਣੇ ਆਇਆ ਹੈ। ਇਥੇ ਪਠਾਨਕੋਟ ਪੁਲਿਸ ਨੇ ਇੱਕ ਜਿਮ ਟ੍ਰੇਨਰ ਦੇ ਘਰ ਛਾਪੇਮਾਰੀ ਕਰ ਨਸ਼ੀਲੇ ਟੀਕੇ ਬਰਾਮਦ ਕੀਤੇ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਹੱਲਾ ਬਜਰੀ ਵਿਖੇ ਇੱਕ ਜਿਮ ਟ੍ਰੇਨਰ ਵੱਲੋਂ ਚੰਗੀ ਸਿਹਤ ਦੇ ਨਾਂਅ 'ਤੇ ਨੌਜਵਾਨਾਂ ਨੂੰ ਟੀਕੇ ਵੇਚਣ ਦੀ ਖ਼ਬਰ ਮਿਲੀ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਵੱਲੋਂ ਉਕਤ ਮੁਲਜ਼ਮ ਦੇ ਘਰ ਛਾਪੇਮਾਰੀ ਕੀਤੀ ਗਈ।
ਪੁਲਿਸ ਨੇ ਛਾਪੇਮਾਰੀ ਦੇ ਦੌਰਾਨ ਜਿਮ ਟ੍ਰੇਨਰ ਦੇ ਘਰੋਂ 600 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ। ਇਸ ਦੌਰਾਨ ਮੁਲਜ਼ਮ ਫਰਾਰ ਹੋ ਗਿਆ, ਪਰ ਪੁਲਿਸ ਨੇ ਜਿਮ ਟ੍ਰੇਨਰ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆਂ ਕਿ ਉਕਤ ਮੁਲਜ਼ਮ ਜਿਮ ਆਉਣ ਵਾਲੇ ਨੌਜਵਾਨਾਂ ਚੰਗੀ ਸਿਹਤ ਲਈ ਟੀਕੇ ਲਗਵਾਉਣ ਲਈ ਕਹਿੰਦਾ ਸੀ। ਨੌਜਵਾਨਾਂ ਨੂੰ ਸਰੀਰ 'ਚ ਫੁਲਾਵਟ ਲਿਆਉਣ ਲਈ ਨਸ਼ੀਲੇ ਟੀਕੇ ਲਗਾਏ ਜਾਂਦੇ ਸਨ। ਇਸ ਤੋਂ ਇਲਾਵਾ ਮੁਲਜ਼ਮ ਦੇ ਘਰੋਂ 699 ਨਸ਼ੀਲੇ ਕੈਪਸੂਲ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਉਕਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।