ਤਰਨ ਤਾਰਨ : ਪੰਜਾਬ 'ਚ ਜ਼ਹਿਰੀਲੀ ਸ਼ਾਰਬ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਕੈਪਟਨ ਸਰਕਾਰ ਪ੍ਰਤੀ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ। ਮੌਤਾਂ ਦੇ ਇਸ ਤਾਂਡਵ ਵਿੱਚ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ। ਜ਼ਹਿਰੀਲੀ ਸ਼ਰਾਬ ਪੀਣ ਕਾਰਨ ਆਪਣੀ ਜਾਨ ਤੋਂ ਹੱਥ ਧੋਣ ਵਾਲੇ ਲੋਕਾਂ ਦੇ ਸਕਿਆਂ ਨੇ ਯੂਥ ਅਕਾਲੀ ਦਲ ਦੇ ਨਾਲ ਮਿਲਕੇ ਤਰਨ ਤਾਰਨ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਸ਼ਨ ਦੌਰਾਨ ਯੂਥ ਅਕਾਲੀ ਦਲ ਨੇ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਦਾ ਨਾਮ ਪੀੜਤ ਪਰਿਵਾਰ ਲੈ ਰਹੇ ਹਨ, ਉਨ੍ਹਾਂ ਲੋਕਾਂ 'ਤੇ ਪਰਚਾ ਦਰਜ ਕੀਤਾ ਜਾਵੇ।
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਇਸ ਨਜਾਇਜ਼ ਸ਼ਾਰਬ ਦੇ ਧੰਦੇ ਵਿੱਚ ਕਾਂਗਰਸੀ ਵਿਧਾਇਕ ਅਤੇ ਉਨ੍ਹਾਂ ਦੇ ਸਹਿਯੋਗੀ ਸ਼ਾਮਲ ਹਨ। ਉਨ੍ਹਾਂ ਕਿਹਾ ਕੈਪਟਨ ਸਰਕਾਰ ਦੀ ਨੱਕ ਹੇਠ ਅਤੇ ਕੈਪਟਨ ਦੇ ਅਜ਼ੀਜ਼ਾਂ ਵੱਲੋਂ ਹੀ ਇਹ ਜ਼ਹਿਰੀਲੀ ਸ਼ਰਾਬ ਲੋਕਾਂ ਵਿੱਚ ਵੇਚੀ ਗਈ ਹੈ। ਉਨ੍ਹਾਂ ਕਿਹਾ ਜਿਨ੍ਹਾਂ ਲੋਕਾਂ ਦਾ ਨਾਮ ਇਹ ਪੀੜਤ ਪਰਿਵਾਰ ਲੈ ਰਹੇ ਹਨ, ਉਨ੍ਹਾਂ ਲੋਕਾਂ 'ਤੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ।
ਰੋਮਾਣਾ ਨੇ ਕਿਹਾ ਜਿਨ੍ਹਾਂ ਵੇਲਾ ਸੀਨੀਅਰ ਪੁਲਿਸ ਕਪਤਾਨ ਸਾਡੀ ਇਹ ਮੰਗ ਨਹੀਂ ਮੰਨਦੇ ਉਨ੍ਹਾਂ ਵੇਲੇ ਤੱਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਸਰਕਾਰ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਕਰ ਰਹੀ।
ਯੂਥ ਅਕਾਲੀ ਦਲ ਭਾਂਵੇ ਅੱਜ ਕੈਪਟਨ ਸਰਕਾਰ 'ਤੇ ਇਸ ਸਾਰੀ ਮੰਦਭਾਗੀ ਘਟਨਾ ਲਈ ਵੱਡੇ-ਵੱਡੇ ਇਲਜ਼ਾਮ ਲਗਾ ਰਿਹਾ ਹੋਵੇ ਪਰ ਕੀ ਬੰਟੀ ਰੋਮਾਣਾ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੂੰ 2010 ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ 23 ਮੌਤਾਂ ਦੇ ਮੁਲਜ਼ਮਾਂ ਖ਼ਿਲਾਫ਼ ਹੋਈ ਕਾਰਵਾਈ ਬਾਰੇ ਸਵਾਲ ਕਰਨਗੇ। ਇਸ ਕਾਂਡ ਵਿੱਚ ਪੀੜਤਾਂ ਨੂੰ ਇਨਸਾਫ਼ ਮਿਲਣਾ ਅਤਿ ਜ਼ਰੂਰੀ ਹੈ ਪਰ ਕਿਤੇ ਅਕਾਲੀ ਦਲ ਸਿਰਫ ਇਸ ਤੇ ਸਿਆਸਤ ਕਰ ਰਿਹਾ ਜਾਂ ਉਸ ਇਨ੍ਹਾਂ 108 ਲੋਕਾਂ ਸਮੇਤ ਉਨ੍ਹਾਂ 23 ਲੋਕਾਂ ਨੂੰ ਵੀ ਇਨਸਾਫ ਦਿਵਾਉਣ ਦਾ ਚਾਹਵੰਦ ਹੈ ਇਹ ਗੱਲ ਵੀ ਬੰਟੀ ਰੋਮਾਣਾ ਸਮੇਤ ਸਮੁੱਚੇ ਅਕਾਲੀ ਦਲ ਨੂੰ ਸਾਫ਼ ਕਰਨ ਦੀ ਲੋੜ ਹੈ।