ਤਰਨ ਤਾਰਨ : ਜ਼ਿਲ੍ਹੇ ਦੀ ਪੁਲਿਸ ਵਿਭਾਗ ਵੱਲੋਂ ਕਰਵਾਏ ਗਏ ਡੋਪ ਟੈਸਟ ਵਿੱਚ 14 ਪੁਲਿਸ ਮੁਲਾਜ਼ਮ ਪਾਜ਼ਟਿਵ ਪਾਏ ਗਏ ਹਨ। ਪੁਲਿਸ ਵਿਭਾਗ ਵੱਲੋਂ ਪਾਜ਼ਟਿਵ ਪਾਏ ਗਏ ਪੁਲਿਸ ਮੁਲਾਜ਼ਾਂ ਦੇ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਚ ਅਧਿਕਾਰੀਆਂ ਵੱਲੋਂ ਪਾਜ਼ਟਿਵ ਪਾਏ ਗਏ ਮੁਲਾਜ਼ਮਾਂ ਉੱਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਗਈ ਹੈ।
ਡੋਪ ਟੈਸਟ ਵਿੱਚ ਪਾਜ਼ਟਿਵ ਪਾਏ ਗਏ 14 ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਦੇ ਹੋਏ ਤਰਨ ਤਾਰਨ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ। ਇਸ ਮਾਮਲੇ 'ਤੇ ਵਿਭਾਗ ਵੱਲੋਂ ਪਾਜ਼ਟਿਵ ਪਾਏ ਗਏ ਮੁਲਾਜ਼ਮਾਂ ਉੱਤੇ ਡਿਪਾਰਟਮੈਂਟਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋ ਡੋਪ ਟੈਸਟ ਮਾਮਲੇ ਵਿੱਚ ਤਰਨ ਤਾਰਨ ਸਿਵਲ ਹਸਪਤਾਲ ਵਿੱਚ ਮਿਲੀਭਗਤ ਕਰਕੇ ਗ਼ਲਤ ਰਿਪੋਰਟਾਂ ਤਿਆਰ ਕੀਤੇ ਜਾਣ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਡੀਸੀ ਸੰਦੀਪ ਕੁਮਾਰ ਮੁਤਾਬਕ ਮੁੱਢਲੀ ਜਾਂਚ 'ਚ ਬਾਹਰਲੇ ਲੋਕਾਂ ਵੱਲੋਂ ਵਿਭਾਗ ਦੇ ਕੁੱਝ ਲੋਕਾਂ ਨਾਲ ਮਿਲੀਭਗਤ ਕਰਕੇ ਗ਼ਲਤ ਰਿਪੋਰਟਾਂ ਪੇਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਤਰਨ ਤਾਰਨ ਪੁਲਿਸ ਦੇ ਐਸਪੀਡੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਵਿਭਾਗ ਵੱਲੋ ਸ਼ੱਕੀ 23 ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਗਿਆ ਸੀ। ਇਨ੍ਹਾਂ ਚੋਂ 14 ਮੁਲਾਜ਼ਮ ਪਾਜ਼ਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਮੁਲਾਜ਼ਮਾਂ ਵਿਰੁੱਧ ਵਿਭਾਗ ਨੇ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪਬਲਿਕ ਡਿਊਟੀ ਤੋਂ ਹੱਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਮੁਲਾਜ਼ਮ ਗ਼ਲਤ ਕੰਮ ਕਰਦੇ ਹੋਏ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਡੋਪ ਟੈਸਟ ਮਾਮਲੇ ਵਿੱਚ ਸਿਵਲ ਹਸਪਤਾਲ ਤਰਨ ਤਾਰਨ ਦੇ ਕਰਮਚਾਰੀਆਂ ਵੱਲੋ ਗ਼ਲਤ ਰਿਪੋਰਟਾਂ ਜਾਰੀ ਕਰਨ ਦੇ ਮਾਮਲੇ ਦੀ ਐਸਐਸਪੀ ਤਰਨ ਤਾਰਨ ਵੱਲੋ ਡਿਪਟੀ ਕਮਿਸ਼ਨਰ ਨੂੰ ਸਿਫਾਰਸ਼ ਕੀਤੀ ਗਈ ਸੀ। ਇਸ ਉੱਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਵੱਲੋ ਏਡੀਸੀ ਜਨਰਲ ਸੰਦੀਪ ਕੁਮਾਰ ਦੀ ਅਗਵਾਈ ਹੇਠ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਏਡੀਸੀ ਸੰਦੀਪ ਕੁਮਾਰ ਨੇ ਕਿਹਾ ਕਿ ਜਾਂਚ ਤੋ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।